ਰੋਬੋਟਸ ''ਤੇ ਵੀ ਲੱਗਣਾ ਚਾਹੀਦੈ ਟੈਕਸ: ਬਿਲ ਗੇਟਸ

02/20/2017 3:45:02 PM

ਜਲੰਧਰ- ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਹਾਲ ਹੀ ''ਚ ਇਕ ਇੰਟਰਵਿਊ ''ਚ ਕਿਹਾ ਹੈ ਕਿ ਇਨਸਾਨਾਂ ਦੀਆਂ ਨੌਕਰੀਆਂ ਚੋਰੀ ਕਰਨ ਵਾਲੇ ਰੋਬੋਟਸ ''ਤੇ ਵੀ ਟੈਕਸ ਲਗਾਉਣਾ ਚਾਹੀਦਾ ਹੈ। ਨਿਊਜ਼ ਵੈੱਬਸਾਈਟ Quartz ਦੀ ਇਕ ਇੰਟਰਵਿਊ ''ਚ ਉਨ੍ਹਾਂ ਯਕੀਨੀ ਤੌਰ ''ਤੇ ਕਈ ਤਰ੍ਹਾਂ ਦੇ ਟੈਕਸਾਂ ਨੂੰ ਆਟੋਮੇਸ਼ਨ ''ਚ ਲਗਾਉਣ ਲਈ ਹਾਮੀ ਭਰੀ ਹੈ। ਬਿਲ ਗੇਟਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਜੋ 50,000 ਡਾਲਰ ਦੀ ਨੌਕਰੀ  ਇਕ ਕਾਰਖਾਨੇ ''ਚ ਕਰ ਰਿਹਾ ਹੈ ਤਾਂ ਉਸ ਦੀ ਕਮਾਈ ''ਚੋਂ ਇਨਕਮ ਟੈਕਸ, ਸਮਾਜਿਕ ਸੁਰੱਖਿਆ ਟੈਕਸ ਆਦਿ ਸਰਕਾਰ ਨੂੰ ਮਿਲਦਾ ਹੈ ਪਰ ਜੇਕਰ ਉਸ ਦਾ ਕੰਮ ਇਕ ਰੋਬੋਟ ਕਰਦਾ ਹੈ ਤਾਂ ਉਸ ''ਤੇ ਵੀ ਉਸ ਪੱਧਰ ਦਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ। 
ਬਿਲ ਗੇਟਸ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਰੋਬੋਟ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ''ਤੇ ਟੈਕਸ ਲਗਾਉਣਾ ਚਾਹੀਦਾ ਹੈ ਜਿਸ ਨਾਲ ਕੰਪਨੀਆਂ ਦੇ ਆਟੋਮੇਸ਼ਨ ਦੇ ਕੰਮ ''ਚ ਅਸਥਾਈ ਕਮੀ ਆਏਗੀ ਅਤੇ ਹੋਰ ਰੋਜ਼ਗਾਰਾਂ ਲਈ ਫੰਡ ਦੀ ਵਿਵਸਥਾ ਕੀਤੀ ਜਾ ਸਕੇਗੀ।