ਜਿਓ ਦੇ 98 ਰੁ: 'ਚ ਲਓ ਹੁਣ 2 GB ਡਾਟਾ ਦਾ ਮਜ਼ਾ, ਖਤਮ ਹੋਏ ਛੋਟੇ ਪਲਾਨ!

10/20/2019 10:40:19 AM

ਨਵੀਂ ਦਿੱਲੀ— ਰਿਲਾਇੰਸ ਜਿਓ ਨੇ ਆਪਣੇ 19 ਤੇ 52 ਰੁਪਏ ਦੇ ਛੋਟੇ ਰੀਚਾਰਜ ਪੈਕਸ ਖਤਮ ਕਰ ਦਿੱਤੇ ਹਨ। 19 ਰੁਪਏ ਦੇ ਰੀਚਾਰਜ 'ਚ 1 ਦਿਨ ਦੀ ਵੈਲਿਡਿਟੀ ਮਿਲਦੀ ਸੀ, ਜਦੋਂ ਕਿ 52 ਰੁਪਏ ਦੇ ਰੀਚਾਰਜ 'ਚ ਸੱਤ ਦਿਨ ਦੀ ਵੈਲਿਡਿਟੀ ਯੂਜ਼ਰਸ ਨੂੰ ਮਿਲਦੀ ਸੀ। ਹੁਣ ਕੰਬੋ ਪਲਾਨਸ ਦੀ ਸ਼ੁਰੂਆਤ 98 ਰੁਪਏ ਤੋਂ ਹੁੰਦੀ ਹੈ। 98 ਰੁਪਏ ਦੇ ਪਲਾਨ 'ਚ 28 ਦਿਨ ਦੀ ਵੈਲਿਡਿਟੀ ਮਿਲ ਰਹੀ ਹੈ ਤੇ 2-ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਉੱਥੇ ਹੀ, ਜਿਓ ਤੋਂ ਇਲਾਵਾ ਕਿਸੇ ਹੋਰ ਨੈੱਟਵਰਕ 'ਤੇ ਕਾਲ ਕਰਨ ਲਈ ਘੱਟੋ-ਘੱਟ 10 ਰੁਪਏ ਦਾ ਰੀਚਾਰਜ ਇਸ ਪਲਾਨ ਨਾਲ ਕਰਾ ਸਕਦੇ ਹੋ, ਜਿਸ 'ਚ 124 ਮਿੰਟ ਮਿਲਦੇ ਹਨ।

 

 

ਕਿਸੇ ਵੀ ਨੈੱਟਵਰਕ 'ਤੇ ਮੁਫਤ ਕਾਲ?
ਜਿਓ ਤੋਂ ਜਿਓ ਕਾਲ ਬਿਲਕੁਲ ਪੂਰੀ ਤਰ੍ਹਾਂ ਮੁਫਤ ਹੋ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਜਿਓ ਗਾਹਕਾਂ ਨੇ 9 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਰੀਚਾਰਜ ਕਰਵਾਏ ਸਨ ਉਹ ਯੂਜ਼ਰਸ ਉਸ ਪਲਾਨ ਦੀ ਵੈਲਡਿਟੀ ਖਤਮ ਹੋਣ ਤਕ ਕਿਸੇ ਵੀ ਨੈੱਟਵਰਕ 'ਤੇ ਮੁਫਤ ਕਾਲ ਦਾ ਆਨੰਦ ਲੈ ਸਕਦੇ ਹਨ। ਟਰਾਈ ਵੱਲੋਂ 'ਇੰਟਰਕੁਨੈਕਟ ਯੂਜ਼ਜ ਚਾਰਜ (ਆਈ. ਯੂ. ਸੀ.) ਖਤਮ ਨਾ ਕਰਨ ਤਕ ਜਿਓ ਨੇ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਵਸੂਲਣ ਦਾ ਫੈਸਲਾ ਕੀਤਾ ਹੈ ਕਿਉਂਕਿ ਹੁਣ ਤਕ ਉਹ ਇਸ ਚਾਰਜ ਦਾ ਭੁਗਤਾਨ ਗਾਹਕਾਂ ਕੋਲੋਂ ਨਾ ਲੈ ਕੇ ਪੱਲਿਓਂ ਕਰ ਰਿਹਾ ਸੀ। ਰਿਲਾਇੰਸ ਜਿਓ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਸਾਲਾਂ 'ਚ ਦੂਜੇ ਨੈੱਟਵਰਕ ਓਪਰੇਟਰਾਂ ਨੂੰ ਆਈ. ਯੂ. ਸੀ. ਦੇ ਤੌਰ 'ਤੇ ਤਕਰੀਬਨ 13,500 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਪਰ ਬਦਲੇ 'ਚ ਉਨ੍ਹਾਂ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ।

ਪੰਜਾਬ 'ਚ ਜਿਓ ਦੀ ਬੱਲੇ-ਬੱਲੇ-


ਹੁਣ ਇਸ ਚਾਰਜ ਨੂੰ ਲੈ ਕੇ ਗੇਂਦ ਟਰਾਈ ਦੇ ਪਾਲੇ 'ਚ ਹੈ ਕਿ ਉਹ ਜਨਵਰੀ 2020 'ਚ ਇਸ ਨੂੰ ਖਤਮ ਕਰਦਾ ਹੈ ਜਾਂ ਨਹੀਂ ਕਿਉਂਕਿ ਉਸ ਨੇ ਹੀ ਦੂਜੇ ਨੈੱਟਵਰਕਸ 'ਤੇ ਕੀਤੇ ਜਾਣ ਵਾਲੇ ਕਾਲਸ ਦੇ ਬਦਲੇ ਕੰਪਨੀਆਂ ਲਈ 6 ਪੈਸੇ ਪ੍ਰਤੀ ਮਿੰਟ ਚਾਰਜ ਨਿਰਧਾਰਤ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਗਾਹਕਾਂ ਦੇ ਮਾਮਲੇ 'ਚ ਪੰਜਾਬ 'ਚ ਸਭ ਤੋਂ ਵੱਧ ਦਬਦਬਾ ਰਿਲਾਇੰਸ ਜਿਓ ਦਾ ਹੈ। ਪੰਜਾਬ 'ਚ ਜਿਓ ਦੇ ਗਾਹਕਾਂ ਦੀ ਗਿਣਤੀ 1.27 ਕਰੋੜ ਹੋ ਗਈ ਹੈ। ਵੋਡਾਫੋਨ-ਆਈਡੀਆ 1.12 ਕਰੋੜ ਗਾਹਕਾਂ ਦੇ ਨਾਲ ਦੂਜੇ ਨੰਬਰ 'ਤੇ, ਲਗਭਗ 1 ਕਰੋੜ ਗਾਹਕਾਂ ਦੇ ਨਾਲ ਏਅਰਟੈੱਲ ਤੀਜੇ ਨੰਬਰ 'ਤੇ ਅਤੇ ਬੀ. ਐੱਸ. ਐੱਨ. ਐੱਲ. 55 ਲੱਖ ਗਾਹਕਾਂ ਨਾਲ ਚੌਥੇ ਨੰਬਰ 'ਤੇ ਹੈ। ਰਿਲਾਇੰਸ ਜਿਓ ਇਕੋ-ਇਕ ਕੰਪਨੀ ਹੈ ਜਿਸ ਕੋਲ 4-ਜੀ ਗਾਹਕਾਂ ਦਾ ਇੰਨਾ ਵੱਡਾ ਆਧਾਰ ਹੈ।