ਰੈਸਕਿਊ ਮਿਸ਼ਨਜ਼ ''ਚ ਮਦਦ ਕਰੇਗਾ Rega Drone

04/18/2019 12:31:00 PM

ਗੈਜੇਟ ਡੈਸਕ– ਅੱਜ ਤਕ ਤੁਸੀਂ ਐਗਰੀਕਲਚਰ ਡਰੋਨਜ਼ ਬਾਰੇ ਤਾਂ ਸੁਣਿਆ ਹੋਵੇਗਾ, ਜੋ ਖੇਤਾਂ ਦੀ ਨਿਗਰਾਨੀ ਕਰਦਿਆਂ ਕੀਟਨਾਸ਼ਕ ਦਵਾਈ ਦਾ ਸਪਰੇਅ ਕਰਨ ਵਿਚ ਮਦਦ ਕਰਦੇ ਹਨ ਪਰ ਹੁਣ ਅਜਿਹਾ ਡਰੋਨ ਤਿਆਰ ਕੀਤਾ ਗਿਆ ਹੈ, ਜੋ ਗੁੰਮਸ਼ੁਦਾ ਲੋਕਾਂ ਦਾ ਪਤਾ ਲਾਉਣ 'ਚ ਮਦਦ ਕਰੇਗਾ। ਸਵਿਟਜ਼ਰਲੈਂਡ ਦੀ ਏਅਰ ਰੈਸਕਿਊ ਸੰਸਥਾ Rega ਨੇ ਬਿਨਾਂ ਮਨੁੱਖ ਦੇ ਕੰਮ ਕਰਨ ਵਾਲਾ ਡਰੋਨ ਤਿਆਰ ਕੀਤਾ ਹੈ। ਇਸ ਡਰੋਨ 'ਚ 3 ਰੋਟਰ ਬਲੇਡ ਲੱਗੇ ਹਨ, ਜਿਨ੍ਹਾਂ ਦੀ ਲੰਬਾਈ 2 ਮੀਟਰ (ਲਗਭਗ ਸਾਢੇ 6 ਫੁੱਟ) ਹੈ। ਇਸ ਨੂੰ 80 ਤੋਂ 100 ਮੀਟਰ (ਲਗਭਗ 262 ਤੋਂ 328 ਫੁੱਟ) ਦੀ ਉਚਾਈ ਤਕ ਉਡਾਇਆ ਜਾ ਸਕਦਾ ਹੈ।

ਡਰੋਨ 'ਚ ਲੱਗੇ ਮਲਟੀਪਲ ਕੈਮਰੇ
Rega drone 'ਚ ਆਨਬੋਰਡ ਸੈਂਸਰ, ਇਕ ਡੇਅਲਾਈਟ ਕੈਮਰਾ, ਇਕ ਥਰਮਲ ਕੈਮਰਾ, ਇਕ ਇਨਫ੍ਰਾਰੈੱਡ ਕੈਮਰਾ ਤੇ ਇਕ ਫੋਨ ਟਰੈਕਿੰਗ ਟੂਲ ਲਾਇਆ ਗਿਆ ਹੈ, ਜਿਨ੍ਹਾਂ ਦੀ ਮਦਦ ਨਾਲ ਇਹ ਡਰੋਨ ਇਲਾਕੇ ਦੇ ਵੱਡੇ ਖੇਤਰਾਂ ਨੂੰ ਸਕੈਨ ਕਰ ਸਕਦਾ ਹੈ ਮਤਲਬ ਇਹ ਪਹਾੜਾਂ 'ਤੇ ਮੌਜੂਦ ਮੁਸੀਬਤ ਵਿਚ ਫਸੇ ਵਿਅਕਤੀ ਦਾ ਆਸਾਨੀ ਨਾਲ ਪਤਾ ਲਾ ਸਕਦਾ ਹੈ।



ਸੈਟੇਲਾਈਟ ਨੇਵੀਗੇਸ਼ਨ ਸਿਸਟਮ
ਡਰੋਨ 'ਚ ਸੈਟੇਲਾਈਟ ਨੇਵੀਗੇਸ਼ਨ ਸਿਸਟਮ ਲਾਇਆ ਗਿਆ ਹੈ, ਜੋ ਮਿੱਥੇ ਗਏ ਖੇਤਰ 'ਤੇ ਡਰੋਨ ਰਾਹੀਂ ਆਪਣੇ-ਆਪ ਨਿਗਰਾਨੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਐਮਰਜੈਂਸੀ ਪੈਰਾਸ਼ੂਟ ਦੀ ਸਹੂਲਤ ਵੀ ਦਿੱਤੀ ਗਈ ਹੈ।



ਐਂਟੀ-ਕੋਲਿਜ਼ਨ ਸਿਸਟਮ
ਉੱਡਣ ਵੇਲੇ ਡਰੋਨ ਬਿਜਲੀ ਦੀਆਂ ਤਾਰਾਂ ਵਿਚ ਜਾਂ ਕਿਸੇ ਜਹਾਜ਼ ਆਦਿ ਨਾਲ ਨਾ ਟਕਰਾਅ ਜਾਵੇ, ਇਸ ਦੇ ਲਈ ਇਸ ਵਿਚ ਐਂਟੀ-ਕੋਲਿਜ਼ਨ ਸਿਸਟਮ ਲੱਗਾ ਹੈ। ਡਰੋਨ ਰਾਹੀਂ ਕਿਸੇ ਵੀ ਤਰ੍ਹਾਂ ਦਾ ਹਾਦਸਾ ਨਾ ਹੋਵੇ, ਇਹੋ ਸੋਚ ਕੇ ਇਸ ਸਿਸਟਮ ਨੂੰ ਸ਼ਾਮਲ ਕੀਤਾ ਗਿਆ ਹੈ।



ਮਿਸ਼ਨਜ਼ 'ਚ ਕੀਤੀ ਜਾਵੇਗੀ ਵਰਤੋਂ
ਰੇਗਾ ਡਰੋਨ ਨੂੰ ਅਸਲ ਵਿਚ ਰੈਸਕਿਊ ਕਰੂ ਨਾਲ ਰਹਿਣ ਅਤੇ ਆਪ੍ਰੇਸ਼ਨ ਦੌਰਾਨ ਜ਼ਮੀਨ ਤੋਂ ਉੱਡ ਰਹੇ ਹੈਲੀਕਾਪਟਰ ਤਕ ਸਹਾਇਤਾ ਤੇ ਦਵਾਈ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਆਸ ਹੈ ਕਿ ਅਗਲੇ ਸਾਲ ਤਕ ਇਸ ਡਰੋਨ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ।