ਚੀਨੀ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਦੀ ਵਧੀ ਪਰੇਸ਼ਾਨੀ, ਹੁਣ ਇਸ ਫੋਨ ''ਚ ਲੱਗੀ ਅੱਗ

12/04/2019 11:17:10 AM

ਗੈਜੇਟ ਡੈਸਕ– ਸਮਾਰਟਫੋਨ 'ਚ ਅੱਗ ਲੱਗਣ ਦੀਆਂ ਖਬਰਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹੇ ਮਾਮਲੇ ਤਕ ਸੁਣਨ ਨੂੰ ਮਿਲੇ ਹਨ, ਜਿਨ੍ਹਾਂ ਵਿਚ ਫੋਨ ਦੀ ਬੈਟਰੀ ਵਿਚ ਬਲਾਸਟ ਹੋ ਜਾਣ ਨਾਲ ਯੂਜ਼ਰ ਦੀ ਜਾਨ ਤਕ ਚਲੀ ਗਈ ਹੈ। ਕੁਝ ਦਿਨ ਪਹਿਲਾਂ ਸ਼ਾਓਮੀ ਦੇ Redmi 7S 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਸ਼ਾਓਮੀ ਦੇ ਹੀ ਇਕ ਹੋਰ ਸਮਾਰਟਫੋਨ ਰੈੱਡਮੀ ਨੋਟ 7 ਪ੍ਰੋ 'ਚ ਅੱਗ ਲੱਗਣ ਦੀ ਸ਼ਿਕਾਇਤ ਮਿਲੀ ਹੈ।

3 ਮਹੀਨੇ ਹੀ ਬੀਤੇ ਸਨ ਫੋਨ ਖਰੀਦਿਆਂ
'ਗਿਜ਼ਚਾਈਨਾ' ਦੀ ਰਿਪੋਰਟ ਅਨੁਸਾਰ ਇਹ ਘਟਨਾ ਚੀਨ ਦੀ ਹੈ, ਜਿਥੇ ਹੇਨਾਨ ਸੂਬੇ ਦੇ ਰਹਿਣ ਵਾਲੇ ਸਾਂਗ ਯੂਝੀ ਨੇ ਆਪਣੇ ਪਿਤਾ ਲਈ 3 ਮਹੀਨੇ ਪਹਿਲਾਂ ਹੀ ਰੈੱਡਮੀ ਨੋਟ 7 ਪ੍ਰੋ ਸਮਾਰਟਫੋਨ ਖਰੀਦਿਆ ਸੀ, ਜਿਸ ਵਿਚ ਅੱਗ ਲੱਗ ਗਈ। ਇਸ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਦੀ ਰਿਪੋਰਟ ਦਰਜ ਕਰਵਾਈ।

ਇੰਝ ਲੱਗੀ ਫੋਨ 'ਚ ਅੱਗ
ਰਿਪੋਰਟ ਅਨੁਸਾਰ ਸਾਂਗ ਯੂਝੀ ਦੇ ਪਿਤਾ ਇਸ ਫੋਨ ਨੂੰ ਰਜਾਈ ਉੱਪਰ ਰੱਖ ਕੇ ਵੀਡੀਓ ਦੇਖ ਰਹੇ ਸਨ। ਕੁਝ ਦੇਰ ਬਾਅਦ ਉਹ ਸੌਂ ਗਏ ਅਤੇ ਫੋਨ ਰਜਾਈ ਦੇ ਉੱਪਰ ਹੀ ਰਹਿ ਗਿਆ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਕੁਝ ਸੜਨ ਦੀ ਬਦਬੂ ਆਈ। ਅੱਖ ਖੁੱਲ੍ਹੀ ਤਾਂ ਦੇਖਿਆ ਕਿ ਜਿਸ ਨਵੇਂ ਸਮਾਰਟਫੋਨ ਵਿਚ ਉਹ ਵੀਡੀਓ ਦੇਖ ਰਹੇ ਸਨ, ਉਸ ਵਿਚ ਅੱਗ ਲੱਗ ਚੁੱਕੀ ਸੀ। ਚੰਗੀ ਗੱਲ ਇਹ ਰਹੀ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਪਰ ਫੋਨ ਪੂਰੀ ਤਰ੍ਹਾਂ ਖਤਮ ਹੋ ਗਿਆ।

ਸ਼ਾਓਮੀ ਨੇ ਫਿਰ ਨਹੀਂ ਮੰਨੀ ਆਪਣੀ ਗਲਤੀ
ਰੈੱਡਮੀ ਨੋਟ 7 ਪ੍ਰੋ 'ਚ ਅੱਗ ਲੱਗਣ ਦੇ ਮਾਮਲੇ ਬਾਰੇ ਸ਼ਾਓਮੀ ਨੇ ਕਿਹਾ ਕਿ ਫੋਨ ਵਿਚ ਅੱਗ ਬਾਹਰਲੇ ਕਾਰਣਾਂ ਕਰਕੇ ਲੱਗੀ ਹੈ ਅਤੇ ਇਸ ਨਾਲ ਡਿਵਾਈਸ ਦੀ ਕੁਆਲਿਟੀ ਦਾ ਕੋਈ ਲੈਣਾ-ਦੇਣਾ ਨਹੀਂ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਰੈੱਡਮੀ ਨੋਟ 7 ਐੱਸ 'ਚ ਅੱਗ ਲੱਗਣ ਦੀ ਖਬਰ ਮਿਲੀ ਸੀ।
ਉਸ ਵੇਲੇ ਵੀ ਕੰਪਨੀ ਨੇ ਕਿਹਾ ਸੀ ਕਿ ਰੈੱਡਮੀ ਨੋਟ 7 ਐੱਸ ਨੂੰ ਨੁਕਸਾਨ ਬਾਹਰੋਂ ਪਏ ਦਬਾਅ ਕਾਰਣ ਹੋਇਆ ਹੈ ਮਤਲਬ ਗਾਹਕ ਦੀ ਗਲਤੀ ਕਾਰਣ ਹੀ ਫੋਨ ਨੂੰ ਨੁਕਸਾਨ ਪਹੁੰਚਿਆ ਹੈ। ਸ਼ਾਓਮੀ ਨੇ ਗਾਹਕ ਨੂੰ ਹੀ ਸਮੱਸਿਆ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਸੀ।

ਇੰਝ ਕਰੋ ਆਪਣਾ ਬਚਾਅ
ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰਨ ਲਈ ਕੁਝ ਜ਼ਰੂਰੀ ਟਿਪਸ ਨੂੰ ਧਿਆਨ ਵਿਚ ਰੱਖਣਾ ਪਵੇਗਾ, ਜਿਨ੍ਹਾਂ ਨਾਲ ਤੁਸੀਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਪੂਰੀ ਰਾਤ ਚਾਰਜਿੰਗ 'ਤੇ ਨਾ ਲਾਓ ਫੋਨ
ਸਮਾਰਟਫੋਨ ਕਦੇ ਵੀ ਚਾਰਜਿੰਗ 'ਤੇ ਲਾ ਕੇ ਨਾ ਸੌਂਵੋ। ਇਸ ਨਾਲ ਫੋਨ ਤੇ ਬੈਟਰੀ ਦੋਵਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਤੁਹਾਡੇ ਲਈ ਖਤਰਨਾਕ ਵੀ ਹੋ ਸਕਦਾ ਹੈ।
ਅੱਗ ਫੜਨ ਵਾਲੀਆਂ ਚੀਜ਼ਾਂ ਤੋਂ ਫੋਨ ਦੂਰ ਰੱਖੋ
ਜਲਦੀ ਅੱਗ ਫੜਨ ਵਾਲੀਆਂ ਚੀਜ਼ਾਂ ਤੋਂ ਸਮਾਰਟਫੋਨ ਨੂੰ ਦੂਰ ਰੱਖੋ। ਫੋਨ ਨੂੰ ਚਾਰਜਿੰਗ 'ਤੇ ਲਾਉਣ ਵੇਲੇ ਕਦੇ ਵੀ ਉਸ ਨੂੰ ਬੈੱਡ 'ਤੇ ਨਾ ਰੱਖੋ ਕਿਉਂਕਿ ਇਸ ਨਾਲ ਫੋਨ ਦੀ ਹੀਟ ਬਾਹਰ ਨਹੀਂ ਨਿਕਲਦੀ ਅਤੇ ਫੋਨ ਤੇਜ਼ੀ ਨਾਲ ਗਰਮ ਹੁੰਦਾ ਹੈ, ਜਿਸ ਨਾਲ ਇਸ ਵਿਚ ਅੱਗ ਲੱਗਣ ਦਾ ਡਰ ਰਹਿੰਦਾ ਹੈ।
ਫੋਨ 'ਚ ਨਾ ਪੁਆਓ ਲੋਕਲ ਮੇਡ ਬੈਟਰੀ
ਪੈਸੇ ਬਚਾਉਣ ਦੇ ਚੱਕਰ 'ਚ ਲੋਕ ਆਪਣੇ ਫੋਨ ਵਿਚ ਲੋਕਲ ਮੇਡ ਬੈਟਰੀ ਪੁਆਉਂਦੇ ਹਨ। ਫੋਨ ਵਿਚ ਹਮੇਸ਼ਾ ਓਰਿਜਨਲ ਬੈਟਰੀ ਹੀ ਪੁਆਓ। ਸਸਤੀ ਤੇ ਲੋਕਲ ਮੇਡ ਬੈਟਰੀ ਅੱਗ ਲੱਗਣ ਦਾ ਕਾਰਣ ਬਣ ਸਕਦੀ ਹੈ।
ਅਧਿਕਾਰਤ ਸਰਵਿਸ ਸੈਂਟਰ ਤੋਂ ਹੀ ਕਰਵਾਓ ਰਿਪੇਅਰ
ਫੋਨ ਦੀ ਰਿਪੇਅਰ ਹਮੇਸ਼ਾ ਅਧਿਕਾਰਤ ਸਰਵਿਸ ਸੈਂਟਰ ਤੋਂ ਹੀ ਕਰਵਾਓ ਅਤੇ ਲੋਕਲ ਦੁਕਾਨਾਂ 'ਤੇ ਰਿਪੇਅਰ ਕਰਵਾਉਣ ਤੋਂ ਬਚੋ ਕਿਉਂਕਿ ਓਰਿਜਨਲ ਪਾਰਟਸ ਹੀ ਫੋਨ ਨੂੰ ਸੁਰੱਖਿਅਤ ਰੱਖਦੇ ਹਨ।
ਸਿਰਹਾਣੇ ਥੱਲੇ ਨਾ ਰੱਖੋ ਫੋਨ
ਫੋਨ ਕਦੇ ਵੀ ਸਿਰਹਾਣੇ ਥੱਲੇ ਰੱਖ ਕੇ ਨਾ ਸੌਂਵੋ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਇਸ ਨਾਲ ਡਿਵਾਈਸ ਦਾ ਤਾਪਮਾਨ ਵਧਦਾ ਹੈ, ਜਿਸ ਨਾਲ ਫੋਨ 'ਚ ਅੱਗ ਲੱਗ ਸਕਦੀ ਹੈ। ਇੰਝ ਕਰਨ ਤੋਂ ਹਮਸ਼ਾ ਬਚੋ।