ਹੁਣ Paytm ਤੋਂ ਵੀ ਰੀਚਾਰਜ ਕਰਨਾ ਪਵੇਗਾ ਮਹਿੰਗਾ, ਦੇਣਾ ਪਵੇਗਾ ਇੰਨਾ ਵਾਧੂ ਚਾਰਜ

06/12/2022 5:58:55 PM

ਗੈਜੇਟ ਡੈਸਕ– ਕੁਝ ਮਹੀਨੇ ਪਹਿਲਾਂ ਫੋਨਪੇ ਨੇ ਮੋਬਾਇਲ ਰੀਚਾਰਜ ’ਤੇ ਸਰਵਿਸ ਚਾਰਜ ਦੇ ਨਾਂ ’ਤੇ ਵਾਧੂ ਚਾਰਜ ਲੈਣ ਦਾ ਐਲਾਨ ਕੀਤਾ ਸੀ ਜਿਸਦਾ ਗਾਹਕਾਂ ਨੇ ਕਾਫੀ ਵਿਰੋਧ ਕੀਤਾ ਸੀ ਅਤੇ ਹੁਣ Paytm ਨੇ ਵੀ ਮੋਬਾਇਲ ਰੀਚਾਰਜ ’ਤੇ ਵਾਧੂ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ Paytm ਤੋਂ ਮੋਬਾਇਲ ਰੀਚਾਰਜ ਕਰਦੇ ਹੋ ਤਾਂ ਤੁਹਾਨੂੰ 1 ਰੁਪਏ ਤੋਂ ਲੈ ਕੇ 6 ਰੁਪਏ ਤਕ ਸਰਵਿਸ ਚਾਰਜ ਦੇਣਾ ਪੈ ਸਕਦਾ ਹੈ। ਸਰਵਿਸ ਚਾਰਜ ਦੀ ਅਸਲ ਰਾਸ਼ੀ ਤੁਹਾਡੇ ਰੀਚਾਰਜ ਦੀ ਰਾਸ਼ੀ ’ਤੇ ਨਿਰਭਰ ਕਰਦੀ ਹੈ। 

1-6 ਰੁਪਏ ਤਕ ਦਾ ਵਾਧੂ ਚਾਰਜ Paytm ਰਾਹੀਂ ਹੋਣ ਵਾਲੇ ਹਰ ਤਰ੍ਹਾਂ ਦੇ ਪੇਮੈਂਟ ਮੋਡ ’ਤੇ ਲਾਗੂ ਹੁੰਦਾ ਹੈ। ਜੇਕਰ ਤੁਸੀਂ ਪੇਟੀਐੱਮ ਤੋਂ ਯੂ.ਪੀ.ਆਈ. ਪੇਮੈਂਟ ਵੀ ਕਰਦੇ ਹੋ ਤਾਂ ਵੀ ਤੁਹਾਡੇ ਕੋਲੋਂ ਚਾਰਜ ਵਸੂਲਿਆ ਜਾ ਸਕਦਾ ਹੈ। ਟਵਿਟਰ ’ਤੇ ਕਈ ਯੂਜ਼ਰਸ ਨੇ ਇਸਨੂੰ ਲੈ ਕੇ ਵਿਰੋਧ ਵੀ ਦਰਜ ਕੀਤਾ ਹੈ। ਪੇਟੀਐੱਮ ਮੁਤਾਬਕ, ਇਹ ਚਾਰਜ ਪਲੇਟਫਾਰਮ ਚਾਰਜ ਦੇ ਰੂਪ ’ਚ ਲਿਆ ਜਾ ਰਿਹਾ ਹੈ। ਇੱਥੇ ਇਕ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਵਾਧੂ ਚਾਰਜ ਤੁਹਾਡੇ ਕੋਲੋਂ ਤਾਂ ਹੀ ਲਿਆ ਜਾਵੇਗਾ ਜਦੋਂ ਤੁਸੀਂ 100 ਰੁਪਏ ਤੋਂ ਜ਼ਿਆਦਾ ਦਾ ਰੀਚਾਰਜ ਕਰੋਗੇ।

ਦੱਸ ਦੇਈਏ ਕਿ  2019 ’ਚ ਪੇਟੀਐੱਮ. ਨੇ ਕਿਹਾ ਸੀ ਕਿ ਉਹ ਕਿਸੇ ਵੀ ਗਾਹਕ ਤੋਂ ਕਦੇ ਵੀ ਕਿਸੇ ਤਰ੍ਹਾਂ ਦਾ ਵਾਧੂ ਚਾਰਜ ਨਹੀਂ ਲਵੇਗਾ। Paytm ਨੇ ਇਸ ਸੰਬੰਧ ’ਚ ਬਲਾਗ ਦੇ ਲਿੰਕ ਦੇ ਨਾਲ ਇਕ ਟਵੀਟ ਵੀ ਕੀਤਾ ਸੀ। ਟਵੀਟ ਤਾਂ ਅੱਜ ਵੀ ਮੌਜੂਦ ਹੈ ਪਰ ਬਲਾਗ ਦਾ ਲਿੰਕ ਐਕਸਪਾਇਰ ਹੋ ਗਿਆ ਹੈ। 


Rakesh

Content Editor

Related News