ਵਨਪਲੱਸ ਦੇ ਇਨ੍ਹਾਂ ਪੁਰਾਣੇ ਸਮਾਰਟਫੋਨਜ਼ ਨੂੰ ਮਿਲਣ ਜਾ ਰਹੀ ਨਵੀਂ ਅਪਡੇਟ, ਆਉਣਗੇ ਨਵੇਂ ਫੀਚਰਜ਼

10/12/2019 3:30:41 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹਾਲ ਹੀ ’ਚ ਆਪਣਾ ਨਵਾਂ ਸਮਾਰਟਫੋਨ ਵਨਪਲੱਸ 7ਟੀ ਪ੍ਰੋ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ OxyegenOS 10 ਅਪਡੇਟ ਨੂੰ ਲੈ ਕੇ ਵੀ ਕੁਝ ਐਲਾਨ ਕੀਤੇ ਹਨ। ਕੰਪਨੀ ਦਾ ਇਹ ਆਪਰੇਟਿੰਗ ਸਿਸਟਮ ਐਂਡਰਾਇਡ 10 ’ਤੇ ਕੰਮ ਕਰੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਂ OxyegenOS ਅਪਡੇਟ ਕੰਪਨੀ ਦੇ ਪੁਰਾਣੇ ਸਮਾਰਟਫੋਨ, ਜਿਵੇਂ- ਵਨਪਲੱਸ 5 ਅਤੇ ਵਨਪਲੱਸ 5ਟੀ ਨੂੰ ਵੀ ਮਿਲੇਗੀ। ਵਨਪਲੱਸ ਦੇ ਕੋ-ਫਾਊਂਡਰ ਕਾਰਲ ਪਾਈ ਨੇ ਦੱਸਿਆ ਕਿ ਵਨਪਲੱਸ 6 ਅਤੇ ਵਨਪਲੱਸ 6ਟ ਨੂੰ ਇਸ ਮਹੀਨੇ ਦੇ ਅੰਤ ਤਕ ਬੀਟਾ ਅਪਡੇਟ ਮਿਲ ਜਾਵੇਗੀ, ਜਦੋਂਕਿ ਇਸ ਦੀ ਸਟੇਬਲ ਅਪਡੇਟ ਅਗਲੇ ਮਹੀਨੇ ਉਪਲੱਬਧ ਹੋ ਸਕੇਗੀ।

ਉਥੇ ਹੀ ਵਨਪਲੱਸ 5 ਅਤੇ ਵਨਪਲੱਸ 5ਟੀ ਵਰਗੇ ਸਮਾਰਟਫੋਨ ਨੂੰ ਇਹ ਅਪਡੇਟ ਸਾਲ 2020 ਦੀ ਦੂਜੀ ਤਿਮਾਹੀ ’ਚ ਮਿਲ ਸਕੇਗੀ। ਕੰਪਨੀ ਦੇ ਲੇਟੈਸਟ ਸਮਾਰਟਫੋਨ ਵਨਪਲੱਸ 7ਟੀ ਅਤੇ ਵਨਪਲੱਸ 7ਟੀ ਪ੍ਰੋ ਪਹਿਲਾਂ ਹੀ ਐਂਡਰਾਇਡ 10 ਆਪਰੇਟਿੰਗ ਸਿਸਟਮ ਦੇ ਨਾਲ ਆਉਂਦੇ ਹਨ। ਇਸ ਅਪਡੇਟ ਦੇ ਆਉਣ ਨਾਲ ਸਮਾਰਟਫੋਨ ’ਚ ਨਵਾਂ ਇੰਟਰਫੇਸ, ਫੁਲ-ਸਕਰੀਨ ਜੈਸਚਰ, ਗੇਮ ਸਪੇਸ ਨਾਂ ਦੀ ਨਵੀਂ ਅਤੇ ਸਪੈਮ ਬਲਾਕਰ ਵਰਗੇ ਨਵੇਂ ਫੀਚਰਜ਼ ਮਿਲਣਗੇ। 

ਮਿਲੇਗਾ ਇੰਸਟੈਂਟ ਟ੍ਰਾਂਸਲੇਟ ਫੀਚਰ
ਵਨਪਲੱਸ ਨੇ ਦੱਸਿਆ ਕਿ ਕੰਪਨੀ ਇਕ ਖਾਸ ਫੀਚਰ ‘ਇੰਸਟੈਂਟ ਟ੍ਰਾਂਸਲੇਟ’ ’ਤੇ ਵੀ ਕੰਮ ਕਰ ਰਹੀ ਹੈ ਜੋ ਜਲਦੀ ਹੀ ਯੂਜ਼ਰਜ਼ ਨੂੰ ਮਿਲੇਗਾ। ਇਸ ਫੀਚਰ ਰਾਹੀਂ ਕਿਸੇ ਵੀ ਹੋਰ ਭਾਸ਼ਾ ਦੇ ਵਿਅਕਤੀ ਨਾਲ ਗੱਲਬਾਤ ਕਰਨਾ ਆਸਾਨ ਹੋ ਜਾਵੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਵੀਡੀਓ ਚੈਟ ਕਰ ਰਹੇ ਹੋ ਜੋ ਤੁਹਾਡੀ ਭਾਸ਼ਾ ਨਹੀਂ ਸਮਝਦਾ, ਤਾਂ ਇਸ ਫੀਚਰ ਰਾਹੀਂ ਤੁਹਾਡੀ ਕਹੀ ਗੱਲ ਸਕਰੀਨ ’ਤੇ ਟ੍ਰਾਂਸਲੇਟ ਹੋ ਕੇ ਦਿਖਾਈ ਦੇਵੇਗੀ। 


Related News