ਵਨਪਲੱਸ ਦਾ ਅਨੋਖਾ ਆਫਰ, ਸਾਫਟਵੇਅਰ ’ਚ ਖਾਮੀ ਲੱਭਣ ’ਤੇ ਮਿਲੇਗਾ 5 ਲੱਖ ਦਾ ਇਨਾਮ

12/20/2019 3:01:52 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਇਕ ਅਨੋਖੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਵਿਚ ਅਜਿਹੇ ਲੋਕਾਂ ਨੂੰ ਇਨਾਮ ਦਿੱਤਾ ਜਾਵੇਗਾ ਜੋ ਕੰਪਨੀ ਦੇ ਸਾਫਟਵੇਅਰ ’ਚ ਖਾਮੀ ਜਾਂ ਬਗ ਲੱਭ ਕੇ ਦੱਸਣਗੇ। ਦਰਅਸਲ ਡਾਟਾ ਲੀਕ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਵਨਪਲੱਸ ਇਹ ਸਪੈਸ਼ਲ ਪ੍ਰੋਗਰਾਮ ਲੈ ਕੇ ਆਈ ਹੈ। ਵਨਪਲੱਸ ਅਤੇ HackerOne  ਨੇ ਮਿਲ ਕੇ ਇਸ ਵਨਪਲੱਸ ਸਕਿਓਰਿਟੀ ਰਿਸਪਾਂਸ ਸੈਂਟਰ (One SRC) ਦੀ ਸ਼ੁਰੂਆਤ ਕੀਤੀ ਹੈ। ਇਸ ਵਿਚ ਕੰਪਨੀ ਨੇ ਵਨਪਲੱਸ ਸਾਫਟਵੇਅਰ ਨਾਲ ਜੁੜਿਆ ਬਗ ਬਾਊਂਟੀ (ਬਗ ਲੱਭਣਾ) ਪ੍ਰੋਗਰਾਮ ਰੱਖਿਆ ਹੈ, ਜਿਸ ਲਈ ਯੂਜ਼ਰਜ਼ ਨੂੰ ਇਨਾਮ ਵੀ ਦਿੱਤਾ ਜਾਵੇਗਾ।

ਕੀ ਹੋਵੇਗਾ ਪ੍ਰੋਗਰਾਮ ’ਚ
ਇਸ ਪ੍ਰੋਗਰਾਮ ਲਈ ਦੁਨੀਆ ਭਰ ਦੇ ਅਕਾਦਮਿਕ ਰਿਸਰਚਰ ਅਤੇ ਸਕਿਓਰਿਟੀ ਪ੍ਰੋਫੈਸ਼ਨਲ ਨੂੰ ਇਨਵਾਈਟ ਕੀਤਾ ਗਿਆ ਹੈ ਕਿ ਉਹ ਬਗ ਲੱਭਣ ਅਤੇ ਰਿਪੋਰਟ ਕਰਨ। ਇਸ ਤਹਿਤ ਭਾਗੀਦਾਰਾਂ ਕੋਲ 5 ਲੱਖ ਰੁਪਏ ਤਕ ਦਾ ਇਨਾਮ ਜਿੱਤਣ ਦਾ ਮੌਕਾ ਹੈ। ਵਨਪਲੱਸ ਨੇ ਇਨਾਮ ਦੀ ਰਾਸ਼ੀ 50 ਡਾਲਰ (ਕਰੀਬ 3,500 ਰੁਪਏ) ਤੋਂ 7,000 ਡਾਲਰ (ਕਰੀਬ 4.98 ਲੱਖ ਰੁਪਏ) ਤਕ ਰੱਖੀ ਹੈ ਜੋ ਬਗ ਦੇ ਪੱਧਰ ’ਤੇ ਨਿਰਭਰ ਕਰਦੀ ਹੈ। 

ਜਾਣਕਾਰੀ ਮੁਤਾਬਕ, ਜਦੋਂ ਕੋਈ ਵਿਅਕਤੀ ਬਗ ਦੀ ਰਿਪੋਰਟ ਦੇਵੇਗਾ ਤਾਂ ਵਨਪਲੱਸ ਦੀ ਸਪੈਸ਼ਲ ਸਕਿਓਰਿਟੀ ਟੀਮ ਇਸ ਦੀ ਪੜਤਾਲ ਕਰੇਗੀ ਅਤੇ ਸਹੀ ਨਿਕਲਣ ’ਤੇ ਭਾਗੀਦਾਰ ਨੂੰ ਇਨਾਮ ਦਿੱਤਾ ਜਾਵੇਗਾ। ਬਗ ਬਾਰੇ ਜਾਣਕਾਰੀ ਦੇਣ ਲਈ ਭਾਗੀਦਾਰ ਵਨਪਲੱਸ ਦੀ ਵੈੱਬਸਾਈਟ, ਵਨਪਲੱਸ ਕਮਿਊਨਿਟੀ ਫੋਰਮ ਅਤੇ ਵਨਪਲੱਸ ਐਪਲੀਕੇਸ਼ਨ ਦਾ ਇਸਤੇਮਾਲ ਕਰ ਸਕਦੇ ਹਨ। ਫਿਲਹਾਲ ਇਹ ਪ੍ਰੋਗਰਾਮ ਕੁਝ ਹੀ ਰਿਸਰਚਰਾਂ ਤਕ ਸੀਮਿਤ ਹੈ ਇਸ ਨੂੰ ਜਲਦ ਹੀ ਪਬਲਿਕ ਲਈ ਜਾਰੀ ਕੀਤਾ ਜਾਵੇਗਾ। 

ਵਨਪਲੱਸ ਨੂੰ ਇਸ ਲਈ ਪਈ ਇਸ ਪ੍ਰੋਗਰਾਮ ਦੀ ਲੋੜ
ਵਨਪਲੱਸ ਦੇ ਨਾਲ ਸਕਿਓਰਿਟੀ ਬ੍ਰੀਚ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਨਵਰੀ 2018 ’ਚ 40 ਹਜ਼ਾਰ ਵਨਪਲੱਸ ਗਾਹਕਾਂ ਦੀ ਕ੍ਰੈਡਿਟ ਕਾਰਡਸ ਡਿਟੇਲਸ ਨਾਲ ਛੇੜਛਾੜ ਹੋਈ। ਇਸ ਤੋਂ ਇਲਾਵਾ ਹਾਲ ਹੀ ’ਚ ਕਈ ਗਾਹਕਾਂ ਦੇ ਨਾਂ, ਈਮੇਲ ਅਤੇ ਐਡਰੈੱਸ ਲੀਕ ਹੋਏ ਸਨ।


Related News