ਲਾਂਚ ਦੇ ਇਕ ਹਫਤੇ ਬਾਅਦ ਹੀ OnePlus 7 Pro ਸਮਾਰਟਫੋਨ ’ਚ ਆਈ ਇਹ ਸਮੱਸਿਆ

05/25/2019 2:55:14 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹਾਲ ਹੀ ’ਚ ਆਪਣੇ ਲੇਟੈਸਟ ਸਮਾਰਟਫੋਨ OnePlus 7 Pro ਨੂੰ ਲਾਂਚ ਕੀਤਾ ਹੈ। ਕੁਝ ਹੀ ਦਿਨਾਂ ਦੇ ਅੰਦਰ ਇਸ ਸਮਾਰਟਫੋਨ ’ਚ ਅਜਿਹੀ ਸਮੱਸਿਆ ਸਾਹਮਣੇ ਆਈ ਹੈ ਜਿਸ ਨੇ ਯੂਜ਼ਰਜ਼ ਨੂੰ ਪਰੇਸ਼ਾਨ ਕਰ ਦਿੱਤਾ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਸਮਾਰਟਫੋਨ ਦੀ ਸਕਰੀਨ ‘ghost touch’ ਸਮੱਸਿਆ ਤੋਂ ਪ੍ਰਭਾਵਿਤ ਹੋ ਗਈ ਹੈ ਜਿਸ ਨਾਲ ਬਿਨਾਂ ਟੱਚ ਕੀਤੇ ਕੰਮ ਕਰ ਰਹੀ ਹੈ। ਅਜਿਹੇ ’ਚ ਉਨ੍ਹਾਂ ਨੂੰ ਸਮਾਰਟਫੋਨ ਦਾ ਇਸਤੇਮਾਲ ਕਰਨ ’ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। 

 

ਅਚਾਨਕ ਸਕਰੀਨ ’ਤੇ ਹੋ ਰਹੇ ਰੈਂਡਮ ਟੱਚ
ਯੂਜ਼ਰਜ਼ ਨੇ ਵਨਪਲੱਸ ਫੋਰਮ ’ਤੇ ਢੇਰਾਂ ਸ਼ਿਕਾਇਤਾਂ ਕਰਦੇ ਹੋਏ ਕਿਹਾ ਹੈ ਕਿ ਸਮਾਰਟਫੋਨ ਦਾ ਇਸਤੇਮਾਲ ਕਰਦੇ ਸਮੇਂ ਸਕਰੀਨ ’ਤੇ ਬਿਨਾਂ ਕਿਸੇ ਵੀ ਤਰ੍ਹਾਂ ਦੀ ਇਨਪੁਟ ਦਿੱਤੇ ਅਚਾਨਕ ਰੈਂਡਮ ਟੱਚ ਹੋ ਰਹੇ ਹਨ। ਉਥੇ ਹੀ ਕੁਝ ਯੂਜ਼ਰਜ਼ ਨੇ ਸਕਰੀਨ ਦੇ ਉਪਰੀ ਹਿੱਸੇ ’ਚ ਆਪਣੇ ਆਪ ਟੱਚ ਹੋਣ ਦੀ ਸ਼ਿਕਾਇਤ ਕੀਤੀ ਹੈ। 

ਸਾਫਟਵੇਅਰ ’ਚ ਹੋ ਸਕਦੀ ਹੈ ਸਮੱਸਿਆ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵਨਪਲੱਸ 7 ਪ੍ਰੋ ਯੂਜ਼ਰਜ਼ CPU-Z ਐਪ ਰਾਹੀਂ ਪਤਾ ਲਗਾ ਸਕਦੇ ਹਨ ਕਿ ਉਨ੍ਹਾਂ ਦੇ ਸਮਾਰਟਫੋਨ ਗੋਸਟ ਟੱਚ ਸਮੱਸਿਆ ਤੋਂ ਪ੍ਰਭਾਵਿਤ ਹੈ ਜਾਂ ਨਹੀਂ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮੱਸਿਆ ਹਾਰਡਵੇਅਰ ਦੀ ਨਹੀਂ ਸਗੋਂ ਸਾਫਟਵੇਅਰ ਦੀ ਹੈ। ਜੇਕਰ ਅਜਿਹਾ ਹੈ ਤਾਂ ਸਮਾਰਟਫੋਨਜ਼ ਨੂੰ ਨਵੀਂ OxygenOS ਅਪਡੇਟ ਦੇ ਕੇ ਵਨਪਲੱਸ ਇਸ ਨੂੰ ਠੀਕ ਕਰ ਸਕਦੀ ਹੈ। 

ਵਨਪਲੱਸ 7 ਪ੍ਰੋ ’ਤੇ ਕੀਤਾ ਗਿਆ ਟੈਸਟ
ਟੈਕਨਾਲੋਜੀ ਨਿਊਜ਼ ਵੈੱਬਸਾਈਟ ਐਂਡਰਾਇਡ ਸੈਂਟਰਲ ਨੇ ਆਪਣੀ ਰਿਪੋਰਟ ’ਚ ਲਿਖਿਆ ਹੈ ਕਿ ਉਨ੍ਹਾਂ ਵਨਪਲੱਸ 7 ਪ੍ਰੋ ਸਮਾਰਟਫੋਨ ’ਤੇ ਟੈਸਟ ਕੀਤਾ ਤਾਂ ਉਨ੍ਹਾਂ ਨੂੰ ਵੀ ਅਜਿਹੀ ਟੱਚ ਨਾਲ ਜੁੜੀ ਸਮੱਸਿਆ ਸਾਹਮਣੇ ਆਈ। ਕਥਿਤ ਰੂਪ ਨਾਲ ਟੱਚ ਦੀ ਸਮੱਸਿਆ ਦੋ ਮਿੰਟ ਤਕ ਸਮਾਰਟਫੋਨ ’ਚ ਬਣੀ ਰਹੀ ਅਤੇ ਹੋਮ ਸਕਰੀਨ ਤੋਂ ਲੈ ਕੇ ਹਰ ਐਪ ਇਸ ਤੋਂ ਪ੍ਰਭਾਵਿਤ ਹੋ ਗਏ, ਜਿਸ ਤੋਂ ਬਾਅਦ ਵਨਪਲੱਸ 7 ਪ੍ਰੋ ਨੂੰ ਰੀਸਟਾਰਟ ਕਰਨਾ ਪਿਆ। 

ਵਨਪਲੱਸ ਨੇ ਨਹੀਂ ਦਿੱਤੀ ਪ੍ਰਤੀਕਿਰਿਆ
ਇਸ ਸਮੱਸਿਆ ਨੂੰ ਲੈ ਕੇ ਕੰਪਨੀ ਨੇ ਅਜੇ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ। ਅਜਿਹੇ ’ਚ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੰਪਨੀ ਇਸ ਸਮੱਸਿਆ ਨੂੰ ਲੈ ਕੇ ਕੀ ਕਰ ਰਹੀ ਹੈ ਜਾਂ ਫਿਰ ਕੀ ਕਦਮ ਚੁੱਕੇਗੀ। ਇਸ ਨੂੰ ਇਕ ਸਾਫਟਵੇਅਰ ਬਗ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਜਿਸ ਨੂੰ ਕੰਪਨੀ ਸੰਭਾਵਿਤ ਅਗਲੀ ਅਪਡੇਟ ’ਚ ਠੀਕ ਕਰ ਦੇਵੇਗੀ। 

ਦੱਸ ਦੇਈਏ ਕਿ OnePlus 7 Pro ਦੇ ਲਾਂਚ ਤੋਂ ਬਾਅਦ ਹੀ ਕੈਮਰਾ ਕੁਆਲਿਟੀ ਨੂੰ ਲੈ ਕੇ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ ਅਤੇ ਹੁਣ ਆਪਣੇ ਆਪ ਫੋਨ ’ਚ ਟੱਚ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਹੈ।