ਹਰ 2 ’ਚੋਂ 1 ਭਾਰਤੀ ਨੂੰ ਫੇਸਬੁੱਕ, ਵਟਸਐਪ ’ਤੇ ਮਿਲ ਰਹੀ ਝੂਠੀ ਖਬਰ

04/11/2019 3:55:43 PM

ਗੈਜੇਟ ਡੈਸਕ– ਭਾਰਤ ’ਚ ਹਰ ਦਿਨ 10 ਲੱਖ ਫਰਜ਼ੀ ਖਾਤਿਆਂ ਨੂੰ ਹਟਾਉਣ ਦੇ ਫੇਸਬੁੱਕ ਦੇ ਕਈ ਦਾਵਿਆਂ ਦੇ ਬਾਵਜੂਦ ਇਕ ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਬੀਤੇ 30 ਦਿਨਾਂ ’ਚ ਫੇਸਬੁੱਕ ਅਤੇ ਵਟਸਐਪ ’ਤੇ ਹਰ ਦੋ ਭਾਰਤੀਆਂ ’ਚੋਂ ਇਕ ਨੂੰ ਝੂਠੀ ਖਬਰ ਮਿਲ ਰਹੀ ਹੈ। ਇਨ੍ਹਾਂ ਦੋਵਾਂ ਸੋਸ਼ਲ ਮੀਡੀਆ ਪਲੇਟਫਾਰਸ ਨੂੰ ਯੂਜ਼ਰਜ਼ ਤਕ ਗਲਤ ਜਾਣਕਾਰੀ ਪਹੁੰਚਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। 

ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮਿਲੀਆਂ ਗਲਤ ਸੂਚਨਾਵਾਂ
ਆਨਲਾਈਨ ਸਟਾਰਟਅਪ ਸੋਸ਼ਲ ਮੀਡੀਆ ਮੈਟਰਸ ਅਤੇ ਨਵੀਂ ਦਿੱਲੀ ਦੇ ਇੰਸਟੀਚਿਊਟ ਫਾਰ ਗਵਰਨੈਂਸ ਪਾਲਿਸੀਜ਼ ਐਂਡ ਪਾਲੀਟਿਕਸ ਵਲੋਂ ਕੀਤੇ ਗਏ ਸਰਵੇ ’ਚ ਪਾਇਆ ਗਿਆਕਿ 53 ਫੀਸਦੀ ਭਾਰਤੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ 2019 ਲੋਕ ਸਭਾ ਚੋਣਾਂ ਸੰਬੰਧੀ ਗਲਤ ਸੂਚਨਾਵਾਂ ਪ੍ਰਾਪਤ ਹੋਈਆਂ। ਸਰਵੇ ’ਚ ਪਾਇਆ ਗਿਆ ਕਿ ਕਰੀਬ 62 ਫੀਸਦੀ ਆਬਾਦੀ ਦਾ ਮੰਨਣਾ ਹੈ ਕਿ ਲੋਕ ਸਭ ਚੋਣਾਂ 2019 ‘ਫੇਕ ਨਿਊਜ਼’ ਦੇ ਪ੍ਰਸਾਰ ਤੋਂ ਪ੍ਰਭਾਵਿਤ ਹੋਣਗੀਆਂ। 

54 ਫੀਸਦੀ ਸੈਂਪਲ ਜਨਸੰਖਿਆ ਨਾਲ ਗੱਲਬਾਤ ਕਰਨ ਵਾਲੇ ਵਰਗ ਦੀ ਉਮਰ 18 ਤੋਂ 25 ਸਾਲ ਹੈ। ਸਰਵੇ ਮੁਤਾਬਕ ਫੇਸਬੁੱਕ ਅਤੇ ਵਟਸਐਪ ਗਲਤ ਸੂਚਨਾ ਦੇ ਪ੍ਰਸਾਰ ਲਈ ਇਸਤੇਮਾਲ ਕੀਤੇ ਜਾਣ ਵਾਲੇ ਪ੍ਰਮੁੱਖ ਮੰਚ ਹਨ। ਇਸ ਸਰਵੇ ਤੋਂ ਸੰਕੇਤ ਮਿਲਦਾ ਹੈ ਕਿ 96 ਫੀਸਦੀ ਸੈਂਪਲ ਜਨਸੰਖਿਆ ਨੂੰ ਵਟਸਐਪ ਰਾਹੀਂ ਫੇਕ ਨਿਊਜ਼ ਮਿਲੀ ਹੈ।

ਫੇਕ ਨਿਊਜ਼ ਦੀ ਪਛਾਣ ਕਰਨ ਲਈ ਗੂਗਲ, ਫੇਸਬੁੱਕ ਤੇ ਟਵਿਟਰ ਦੀ ਮਦਦ
ਭਾਰਤ ’ਚ 11 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਰਹੀਆਂ ਲੋਕ ਸਭਾ ਚੋਣਾਂ ’ਚ ਕਰੀਬ 9.4 ਫੀਸਦੀ ਪਹਿਲੀ ਵਾਰ ਵੋਤਰਾਂ ਦਾ ਵਾਧਾ ਦੇਖਿਆ ਜਾਵੇਗਾ, ਜੋ ਨਵੀਂ ਸਰਕਾਰ ਦੇ ਗਠਨ ’ਚ ਨਿਰਣਾਇਕ ਹੋਣਗੇ। ਸਰਵੇ ’ਚ ਕਿਹਾ ਗਿਆਹੈ ਕਿ 50 ਕਰੋੜ ਵੋਟਰਾਂ ਦੀ ਇੰਟਰਨੈੱਟ ਤਕ ਪਹੁੰਚ ਹੈ, ਇਸ ਲਈ ਝੂਠੇ ਸਮਾਚਾਰਾਂ ਦਾ ਚੋਣਾਂ ’ਤੇ ਵਿਆਪਕ ਪ੍ਰਭਾਵ ਪੈ ਸਕਦਾ ਹੈ। ਸਰਵੇ ਮੁਤਾਬਕ, 41 ਫੀਸਦੀ ਲੋਕਾਂ ਨੇ ਫੇਕ ਨਿਊਜ਼ ਦੀ ਪਛਾਣ ਕਰਨ ਲਈ ਗੂਗਲ, ਫੇਸਬੁੱਕ ਅਤੇ ਟਵਿਟਰ ਦੀ ਮਦਦ ਲਈ ਹੈ। ਕਰੀਬ 54 ਫੀਸਦੀ ਲੋਕਾਂ ਨੇ ਇਹ ਜਤਾਇਆ ਹੈ ਕਿ ਉਹ ਕਦੇ ਵੀ ਫੇਕ ਨਿਊਜ਼ ਤੋਂ ਪ੍ਰਭਾਵਿਤ ਨਹੀਂ ਹੋਏ। ਉਥੇ ਹੀ ਦੂਜੇ ਪਾਸੇ 43 ਫੀਸਦੀ ਅਜਿਹੇ ਲੋਕ ਹਨ ਜੋ ਕਿ ਫੇਕ ਨਿਊਜ਼ ਨਾਲ ਗੁੰਮਰਾਹ ਹੋਏ ਹਨ।