ਇਨਸਾਨੀ ਪਹੁੰਚ ਤੋਂ ਦੂਰ ਸਮੁੰਦਰੀ ਡੂੰਘਾਈਆਂ ਤੱਕ ਜਾ ਸਕਦੀ ਹੈ ਇਨਸਾਨ ਦੀ ਬਣਾਈ ਜਲਪਰੀ

04/29/2016 10:45:03 AM

ਉਨ੍ਹਾਂ ਸਮੁੰਦਰੀ ਡੂੰਘਾਈਆਂ ਤੱਕ ਜਾ ਸਕਦੀ ਹੈ ਜੋ ਹਾਲੇ ਵੀ ਹਨ ਇਨਸਾਨੀ ਪਹੁੰਚ ਤੋਂ ਦੂਰ
ਜਲੰਧਰ : ਆਕਸੀਜਨ ਟੈਂਕ ਤੇ ਵਧੀਆ ਇਕਿਊਪਮੈਂਟਸ ਨਾਲ ਅਸੀਂ ਸਮੁੰਦਰ ਦੀਆਂ ਡੂੰਘਾਈਆਂ ਛਾਣ ਸਕਦੇ ਹਾਂ ਪਰ ਸਿਰਫ ਇਕ ਹੱਦ ਤੱਕ। ਇਨਸਾਨ ਹਰ ਵਾਰ ਆਪਣੀ ਹੱਦ ਨੂੰ ਵਧਾਉਣ ਦੀ ਕੋਸ਼ਿਸ਼ ''ਚ ਕੁਝ ਨਾ ਕੁਝ ਕਰਦਾ ਹੀ ਰਹਿੰਦਾ ਹੈ, ਉਹ ਚਾਹੇ ਧਰਤੀ ਤੋਂ ਬਾਹਰ ਇਨਸਾਨ ਨੂੰ ਭੇਜਣਾ ਹੋਵੇ ਜਾਂ ਵਿਸ਼ਾਲ ਸਮੁੰਦਰ ''ਚ ਡੂੰਘਾਈ ਨੂੰ ਮਾਪਣਾ ਹੋਵੇ। ਇਸੇ ਤਰ੍ਹਾਂ ਹੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹੈਪਟਿਕ ਫੀਡਬੈਕ ਟੈਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਇਕ ਹਿਊਮਨੋਇਡ ਡਾਈਵਿੰਗ ਰੋਬੋਟ ਤਿਆਰ ਕੀਤਾ ਹੈ। ਇਹ ਰੋਬੋਟ ਪਾਣੀ ''ਚ ਬਿਲਕੁਲ ਇਨਸਾਨ ਵਾਂਗ ਦਿਖਦਾ ਹੈ ਤੇ ਸਮੁੰਦਰ ਦੀਆਂ ਉਨ੍ਹਾਂ ਡੂੰਘਾਈਆਂ ਤੱਕ ਵੀ ਜਾ ਸਕਦਾ ਹੈ ਜੋ ਇਨਸਾਨੀ ਪਹੁੰਚ ਤੋਂ ਕਿਤੇ ਦੂਰ ਹਨ। 

OceanOne droid
ਓਸ਼ਨਵਨ ਨਾਂ ਦਾ ਇਹ ਡ੍ਰਾਇਡ ਜੋ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਦੀ ਪਹਿਲੀ ਸਮੁੰਦਰੀ ਮੁਹਿੰਮ ਫਰਾਂਸ ਦੇ ਸਮੁੰਦਰੀ ਤੱਟ ''ਤੇ ਸੀ। ਇਸ ਦੌਰਾਨ ਇਕ ਡੁੱਬੇ ਜਹਾਜ਼ ਦੀ ਛਾਣਬੀਣ ਦੌਰਾਨ ਇਸ ਡ੍ਰਾਇਡ ਨੇ 17ਵੀਂ ਸਦੀ ਦਾ ਇਕ ਗੁਲਦਸਤਾ ਖੋਜ ਲਿਆ। ਹੁਣ ਖੋਜਕਾਰ ਇਸ ਨਾਲ ਹੋਰ ਪ੍ਰਾਜੈਕਟ ਕਰਨ ਦੀ ਤਿਆਰੀ ''ਚ ਹਨ।

ਇਨਸਾਨੀ ਡਿਜ਼ਾਈਨ ਹੀ ਕਿਉਂ 
ਹਾਲਾਂਕਿ ਸਮੁੰਦਰ ''ਚ ਭੇਜਣ ਲਈ ਕਈ ਤਰ੍ਹਾਂ ਦੇ ਯੰਤਰ ਬਣਾਏ ਗਏ ਹਨ, ਜਿਨ੍ਹਾਂ ਦੇ ਡਿਜ਼ਾਈਨ ਜੈਲੀਫਿਸ਼, ਈਲ ਤੇ ਓਕਟੋਪਸ ਵਰਗੇ ਸਮੁੰਦਰੀ ਜੀਵਾਂ ਤੋਂ ਪ੍ਰਭਾਵਿਤ ਹਨ ਪਰ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਮੰਨਣਾ ਹੈ ਕਿ ਇਨਸਾਨੀ ਰੂਪਰੇਖਾ ਸਮੁੰਦਰ ''ਚ ਖੋਜੀ ਮਿਸ਼ਨਾਂ ਲਈ ਸਭ ਤੋਂ ਮਦਦਗਾਰ ਹੈ। ਇਨਸਾਨੀ ਚਿਹਰੇ ਵਰਗੇ ਇਸ ਦੇ ਸਿਰ ''ਚ ਸਟੀਰੀਓਸਕੋਪਿਕ ਵਿਜ਼ਨ ਹੈ ਤੇ ਇਸ ਦੇ ਅਗਲੇ ਹਿੱਸੇ ''ਚ 2 ਰੋਬੋਟਿਕ ਹੱਥ ਹਨ ਜੋ ਚੀਜ਼ਾਂ ਫੜਨ ''ਚ ਲਗਭਗ ਇਨਸਾਨੀ ਹੱਥਾਂ ਦੀ ਤਰ੍ਹਾਂ ਹੀ ਹਨ। ਇਸ ਦੀ ਲੰਬਾਈ 5 ਫੁੱਟ ਹੈ ਤੇ ਇਸ ਦੇ ਬਾਕੀ ਪੁਰਜ਼ੇ ਜਿਵੇਂ 8 ਮਲਟੀ-ਡਾਇਰੈਕਸ਼ਨਲ ਥ੍ਰਸਟਰ, ਬੈਟਰੀ ਤੇ ਕੰਪਿਊਟਰ ਇਸ ਦੇ ਪਿਛਲੇ ਪਾਸੇ ਇਸ ਦੀ ਪੂੰਛ ਦੇ ਆਕਾਰ ਦੇ ਹਿੱਸੇ ''ਚ ਹਨ, ਇਸ ਕਰਕੇ ਇਸ ਨੂੰ ਮਰਮੇਡ (ਜਲਪਰੀ) ਨਾਂ ਵੀ ਦਿੱਤਾ ਗਿਆ ਹੈ। ਇਸ ਨੂੰ ਰਿਮੋਟ ਦੀ ਮਦਦ ਨਾਲ ਸਮੁੰਦਰ ਦੀ ਸਤ੍ਹਾ ''ਤੇ ਇਕ ਇਨਸਾਨ ਵੱਲੋਂ ਆਪ੍ਰੇਟ ਕੀਤਾ ਜਾਂਦਾ ਹੈ। ਸਟੈਨਫੋਰਡ ''ਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਓਸਾਮਾ ਖਤੀਬ ਨੇ ਇਕ ਫਿਲਮ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਓਸ਼ਨਵਨ ਸਾਡਾ ''ਅਵਤਾਰ'' ਹੋ ਸਕਦਾ ਹੈ। ਜੋ ਸੈਂਸਰ ਓਸ਼ਨਵਨ ''ਚ ਲੱਗੇ ਹਨ, ਉਹ ਇੰਨੇ ਸੈਂਸੇਟਿਵ ਹਨ ਕਿ ਜਦੋਂ ਇਸ ਵੱਲੋਂ ਪਾਣੀ ''ਚ ਕੋਈ ਚੀਜ਼ ਫੜੀ ਗਈ ਤਾਂ ਇਸ ਨੂੰ ਕੰਟਰੋਲ ਕਰਨ ਵਾਲਾ ਇਹ ਦੱਸ ਸਕਦਾ ਸੀ ਕਿ ਓਸ਼ਨਵਨ ਵੱਲੋਂ ਫੜੀ ਗਈ ਚੀਜ਼ ਭਾਰੀ ਹੈ ਜਾਂ ਹਲਕੀ। 
 
ਓਸ਼ਨਵਨ ਦੇ ਪਹਿਲੇ ਮਿਸ਼ਨ ਸਮੇਂ ਓਸਾਮਾ ਖਤੀਬ ਹੀ ਕੰਟਰੋਲਜ਼ ਨੂੰ ਦੇਖ ਰਹੇ ਸਨ ਤੇ ਇਨ੍ਹਾਂ ਦੱਸਿਆ ਕਿ ਓਸ਼ਨਵਨ ਨੇ 17ਵੀਂ ਸਦੀ ''ਚ ਕਿੰਗ ਲੁਈ 14ਵੇਂ ਦੇ ਡੁੱਬੇ ਜਹਾਜ਼ ਦੀ ਛਾਣਬੀਣ ਕੀਤੀ ਜੋ 328 ਫੁੱਟ ਦੀ ਗਹਿਰਾਈ ''ਚ ਸੀ। ਜ਼ਿਕਰਯੋਗ ਹੈ ਕਿ ਇਸ ਜਹਾਜ਼ ਨੂੰ ਅਜੇ ਤੱਕ ਕਿਸੇ ਇਨਸਾਨ ਨੇ ਨਹੀਂ ਜਾਂਚਿਆ ਸੀ। 
ਓਸ਼ਨਵਨ ਨੂੰ ਇਕ ਮਹੀਨੇ ਬਾਅਦ ਸਟੈਨਫੋਰਡ ਵਾਪਸ ਲਿਆਂਦਾ ਜਾਵੇਗਾ ਤਾਂ ਜੋ ਇਸ ''ਚ ਹੋਰ ਤਕਨੀਕੀ ਸੁਧਾਰ ਕੀਤੇ ਜਾਣ ਤੇ ਇਸ ਤੋਂ ਬਾਅਦ ਇਸ ਰੋਬੋਟ ਨੂੰ ਜਾਪਾਨ ਦੇ ਫੁਕੁਸ਼ੀਮਾ ਡਿੱਚੀ ਪਾਵਰ ਪਲਾਂਟ ਵਰਗੇ ਖਤਰਨਾਕ ਇਲਾਕਿਆਂ ''ਚ ਜਾਂਚਿਆ ਜਾਵੇਗਾ।