ਵਟਸਐਪ ਦਾ ਨਵਾਂ ਫੀਚਰ, ਫੇਸਬੁੱਕ ਤੇ ਦੂਜੇ ਐਪ ’ਚ ਵੀ ਸ਼ੇਅਰ ਕਰ ਸਕੋਗੇ ਆਪਣਾ ਸਟੇਟਸ

06/27/2019 5:59:25 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਇਕ ਵਾਰ ਫਿਰ ਤੋਂ ਯੂਜ਼ਰਜ਼ ਲਈ ਇਕ ਨਵਾਂ ਫੀਚਰ ਲਿਆਉਣ ਵਾਲੀ ਹੈ। ਵਟਸਐਪ ਦੇ ਇਸ ਨਵੇਂ ਫੀਚਰ ਨਾਲ ਯੂਜ਼ਰਜ਼ ਆਪਣੇ ਵਟਸਐਪ ਸਟੇਟਸ ਅਪਡੇਟ ਨੂੰ ਫੇਸਬੁੱਕ ਸਟੋਰੀਜ਼ ’ਚ ਵੀ ਸ਼ੇਅਰ ਕਰ ਸਕਣਗੇ। ਵਟਸਐਪ ਇਸ ਫੀਚਰ ’ਤੇ ਕਈ ਦਿਨਾਂ ਤੋਂ ਕੰਮ ਕਰ ਰਹੀ ਸੀ। ਤਾਜ਼ਾ ਖਬਰਾਂ ਦੀ ਮੰਨੀਏ ਤਾਂ ਹੁਣ ਇਹ ਫੀਚਰ ਟੈਸਟਿੰਗ ਲਈ ਤਿਆਰ ਕਰ ਲਿਆ ਗਿਆ ਹੈ। 

ਵਟਸਐਪ ਦਾ ਇਹ ਫੀਚਰ ਅਜੇ ਸਿਰਫ ਬੀਟਾ ਯੂਜ਼ਰਜ਼ ਲਈ ਉਪਲੱਬਧ ਹੈ। ਬੀਟਾ ਯੂਜ਼ਰਜ਼ ਹੁਣ ਆਪਣੇ ਵਟਸਐਪ ਸਟੇਟਸ ਅਪਡੇਟਸ ਨੂੰ ਆਪਣੇ ਫੇਸਬੁੱਕ ਸਟੋਰੀਜ਼ ’ਚ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਨ। ਇਸ ਫੀਚਰ ਦੇ ਇਸਤੇਮਾਲ ਲਈ ਵਟਸਐਪ ਅਕਾਊਂਟ ਅਤੇ ਫੇਸਬੁੱਕ ਅਕਾਊਂਟ ਨੂੰ ਲਿੰਕ ਕਰਨ ਦੀ ਲੋੜ ਨਹੀਂ ਹੈ। 

ਬੀਟਾ ਵਰਜਨ ਲਈ ਅੱਜ ਤੋਂ ਸ਼ੁਰੂ ਹੋ ਰਹੇ ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਫੇਸਬੁੱਕ ਦੇ ਨਾਲ ਹੀ ਇੰਸਟਾਗ੍ਰਾਮ, ਜੀਮੇਲ ਅਤੇ ਗੂਗਲ ਫੋਟੋਜ਼ ’ਤੇ ਵੀ ਆਪਣੇ ਵਟਸਐਪ ਸਟੇਟਸ ਨੂੰ ਪੋਸਟ ਕਰ ਸਕਣਗੇ। 

ਦੱਸ ਦੇਈਏ ਕਿ ਵਟਸਐਪ ਸਟੇਟਸ ਇੰਸਟਾਗ੍ਰਾਮ ਸਟੋਰੀਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਇਥੇ ਯੂਜ਼ਰ ਸਟੇਟਸ ਦੇ ਤੌਰ ’ਤੇ ਫੋਟੋ, ਵੀਡੀਓ ਜਾਂ ਟੈਕਸਟ ਸ਼ੇਅਰ ਕਰ ਸਕਦੇ ਹਨ ਜੋ ਉਨ੍ਹਾਂ ਦੀ ਪ੍ਰੋਫਾਈਲ ’ਤੇ 24 ਘੰਟੇ ਤਕ ਲਾਈਵ ਰਹਿੰਦਾ ਹੈ। 

ਦਿ ਵਰਜ ਦੀ ਰਿਪੋਰਟ ਮੁਤਾਬਕ, ਵਟਸਐਪ ਇਸ ਫੀਚਰ ਨੂੰ ਜਲਦੀ ਹੀ ਰੋਲ ਆਊਟ ਕਰ ਸਕਦੀ ਹੈ। ਫੀਚਰ ਦੇ ਅਧਿਕਾਰਤ ਲਾਂਚ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਵਟਸਐਪ ਸਟੇਟਸ ਦੇ ਹੇਠਾਂ ‘Share to Facebook Story’ ਬਟਨ ਲਾਈਵ ਹੋ ਜਾਵੇਗਾ। ਵਟਸਐਪ ਨੇ ਇਸ ਨਵੇਂ ਫੀਚਰ ਦੇ ਨਾਲ ਹੀ ਯੂਜ਼ਰਜ਼ ਦੀ ਪ੍ਰਾਈਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਹੈ। ਯੂਜ਼ਰਜ਼ ਦੀ ਸੇਫਟੀ ਲਈ ਵਟਸਐਪ ਡਾਟਾ ਸ਼ੇਅਰਿੰਗ ਏ.ਪੀ.ਆਈ. ਦੀ ਮਦਦ ਲਵੇਗਾ ਜਿਵੇਂ ਕਿ ਦੂਜੇ ਐਪਸ ’ਚ ਹੁੰਦਾ ਹੈ। 

ਵਟਸਐਪ ਦਾ ਇਹ ਫੀਚਰ ਸਭ ਤੋਂ ਪਹਿਲਾਂ ਐਂਡਰਾਇਡ ਵਟਸਐਪ ਦੇ ਬੀਟਾ ਵਰਜਨ ਨੰਬਰ 2.19.151 ’ਤੇ ਦੇਖਿਆ ਗਿਆ ਸੀ। ਉਸ ਸਮੇਂ ਇਹ ਫੀਚਰ ਡਿਵੈੱਲਪਿੰਗ ਫੇਜ਼ ’ਚ ਸੀ। ਹਾਲਾਂਕਿ, ਹਾਲ ਹੀ ’ਚ ਆਈ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਫੀਚਰ ਹੁਣ ਟੈਸਟਿੰਗ ਲਈ ਤਿਆਰ ਹੈ ਅਤੇ ਬੀਟਾ ਯੂਜ਼ਰ ਇਸ ਨੂੰ ਦੇਖ ਸਕਦੇ ਹਨ।