ਯੂਜ਼ਰ ਦੇ ਹੱਥ ''ਚ ਫਟਿਆ NOKIA ਸਮਾਰਟਫੋਨ

03/25/2019 10:48:58 AM

2 ਮਹੀਨੇ ਪਹਿਲਾਂ ਹੀ ਖਰੀਦਿਆ ਸੀ ਫੋਨ
ਗੈਜੇਟ ਡੈਸਕ– NOKIA ਕੰਪਨੀ ਦਾ ਸਮਾਂ ਅੱਜਕਲ ਕੁਝ ਚੰਗਾ ਨਹੀਂ ਚੱਲ ਰਿਹਾ। ਹੁਣੇ ਜਿਹੇ ਯੂਜ਼ਰਜ਼ ਦਾ ਨਿੱਜੀ ਡਾਟਾ ਚੀਨੀ ਸਰਵਰਾਂ ਤਕ ਪਹੁੰਚਾਉਣ ਦੀਆਂ ਖਬਰਾਂ ਤੋਂ ਬਾਅਦ ਕੰਪਨੀ ਦੀਆਂ ਮੁਸ਼ਕਿਲਾਂ ਘਟਣ ਦੀ ਬਜਾਏ ਹੋਰ ਵਧ ਗਈਆਂ ਹਨ। ਯੂਰਪ ਦੇ ਦੇਸ਼ ਫਿਨਲੈਂਡ 'ਚ Nokia 3.1 ਸਮਾਰਟਫੋਨ ਦੀ ਵਰਤੋਂ ਕਰਨ ਵੇਲੇ ਇਹ ਔਰਤ ਦੇ ਹੱਥ ਵਿਚ ਹੀ ਫਟ ਗਿਆ, ਜਿਸ ਨਾਲ ਔਰਤ ਦੀਆਂ ਉਂਗਲਾਂ ਥੋੜ੍ਹੀਆਂ ਸੜ ਗਈਆਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਨੇ ਇਹ ਫੋਨ ਅਜੇ 2 ਮਹੀਨੇ ਪਹਿਲਾਂ ਹੀ ਖਰੀਦਿਆ ਸੀ ਕਿ ਇਸ ਦੀ ਬੈਟਰੀ ਫਟਣ ਨਾਲ ਧਮਾਕਾ ਹੋ ਗਿਆ।

ਘਟਨਾ ਪਿੱਛੋਂ ਲਿਆ ਸਹੀ ਫੈਸਲਾ
ਇਸ ਘਟਨਾ ਤੋਂ ਬਾਅਦ ਯੂਜ਼ਰ ਦਾ ਗੁੱਸਾ ਸਿਰ ਚੜ੍ਹ ਕੇ ਬੋਲਣ ਲੱਗਾ। ਇਸ ਤੋਂ ਬਾਅਦ ਨੋਕੀਆ ਕਮਿਊਨਿਟੀ ਫੋਰਮਜ਼ 'ਤੇ Swapnil Raj ਨਾਂ ਦੀ ID ਤੋਂ ਫਟੇ ਹੋਏ ਸਮਾਰਟਫੋਨ ਦੀ ਫੋਟੋ ਪੋਸਟ ਕਰ ਕੇ ਪੂਰੀ ਗੱਲ ਦੱਸੀ ਗਈ। ਇਹ ਸੜਿਆ ਹੋਇਆ ਫੋਨ ਸਟੋਰ ਨੂੰ ਵਾਪਸ ਕੀਤਾ ਗਿਆ। ਸਟੋਰ ਵਲੋਂ ਦੱਸਿਆ ਗਿਆ ਕਿ ਉਹ ਕੰਪਨੀ ਵਿਚ ਇਹ ਫੋਨ ਭੇਜਣਗੇ ਅਤੇ ਕੰਪਨੀ ਦੱਸੇਗੀ ਕਿ ਕੀ ਹੋਇਆ ਹੈ। ਇਹ ਤਾਂ ਚੰਗੀ ਗੱਲ ਰਹੀ ਕਿ ਇਸ ਨਾਲ ਔਰਤ ਦਾ ਹੱਥ ਥੋੜ੍ਹਾ ਜਿਹਾ ਸੜਿਆ ਅਤੇ ਉਹ ਉਸ ਵੇਲੇ ਫੋਨ 'ਤੇ ਗੱਲ ਨਹੀਂ ਕਰ ਰਹੀ ਸੀ, ਨਹੀਂ ਤਾਂ ਉਸ ਦੇ ਚਿਹਰੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ।

ਧਮਾਕਾ ਹੋਣ ਤੋਂ ਪਹਿਲਾਂ ਕਾਲੀ ਹੋਈ ਸਕਰੀਨ
ਔਰਤ ਨੇ ਦੱਸਿਆ ਕਿ ਪਹਿਲਾਂ ਸਮਾਰਟਫੋਨ ਦੀ ਸਕਰੀਨ ਕਾਲੀ ਹੋ ਗਈ, ਜਿਸ ਨੂੰ ਦੇਖਦਿਆਂ ਉਹ ਦੁਚਿੱਤੀ 'ਚ ਪੈ ਗਈ ਕਿ ਆਖਿਰ ਇਹ ਫੋਨ ਨੂੰ ਹੋ ਕੀ ਰਿਹਾ ਹੈ ਅਤੇ ਅਜੇ ਉਹ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਫੋਨ ਦੀ ਬੈਟਰੀ ਵਿਚ ਧਮਾਕਾ ਹੋ ਗਿਆ।

ਨੋਕੀਆ ਨੇ ਨਹੀਂ ਦਿੱਤਾ ਕੋਈ ਜਵਾਬ
ਇਹ ਖਬਰ ਸਭ ਤੋਂ ਪਹਿਲਾਂ ਫਿਨਿਸ਼ ਦੀ ਅਖਬਾਰ Iltalehti ਨੇ ਛਾਪੀ। ਨੋਕੀਆ ਦੀ ਮਲਕੀਅਤ ਵਾਲੀ ਕੰਪਨੀ HMD ਗਲੋਬਲ ਨੂੰ ਇਸ ਖਬਰ ਬਾਰੇ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਪਰ ਫਿਲਹਾਲ ਨੋਕੀਆ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ।

ਸਮਾਰਟਫੋਨ 'ਚ ਧਮਾਕਾ ਹੋਣ ਦਾ ਸਭ ਤੋਂ ਵੱਡਾ ਕਾਰਨ
ਸਮਾਰਟਫੋਨ ਨਿਰਮਾਤਾ ਕੰਪਨੀਆਂ ਇਨ੍ਹਾਂ ਫੋਨਾਂ ਦਾ ਵੱਡੇ ਪੱਧਰ ਦਾ ਉਤਪਾਦਨ ਕਰਦੀਆਂ ਹਨ। ਤਿਆਰ ਹੋਣ ਵੇਲੇ ਹੀ ਇਨ੍ਹਾਂ ਵਿਚ ਖਾਮੀਆਂ ਰਹਿ ਜਾਂਦੀਆਂ ਹਨ, ਜਿਸ ਕਾਰਨ ਬਾਅਦ 'ਚ ਯੂਜ਼ਰ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਤਰ੍ਹਾਂ ਦੀ ਘਟਨਾ ਹਲਕੇ ਢੰਗ ਨਾਲ ਨਹੀਂ ਲਈ ਜਾਣੀ ਚਾਹੀਦੀ। ਆਸ ਹੈ ਕਿ ਕੰਪਨੀ ਇਸ ਡਿਵਾਈਸ ਨੂੰ ਠੀਕ ਕਰੇਗੀ ਅਤੇ ਉਸ ਦੇ ਮਾਲਕ ਨੂੰ ਸਹੀ-ਸਲਾਮਤ ਕਰ ਕੇ ਵਾਪਸ ਦੇਵੇਗੀ।