Kawasaki ਨੇ ਲਾਂਚ ਕੀਤੀ ਭਾਰਤ ''ਚ ਅਸੈਂਬਲ ਕੀਤੀ ਗਈ Ninja ZX-10R

05/22/2019 12:59:14 PM

13.99 ਲੱਖ ਰੁਪਏ ਰੱਖੀ ਗਈ ਹੈ ਕੀਮਤ
ਆਟੋ ਡੈਸਕ– ਕਾਵਾਸਾਕੀ ਮੋਟਰਸ ਨੇ ਭਾਰਤ ਵਿਚ ਅਸੈਂਬਲ ਕੀਤੀ ਗਈ ਨਵੀਂ Ninja ZX-10R ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 13.99 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਕੰਪਨੀ ਨੇ ਦੱਸਿਆ ਕਿ ਨਵੀਂ  Ninja ZX-10R ਵਿਚ ਕਈ ਅਪਗ੍ਰੇਡਸ ਕੀਤੇ ਗਏ ਹਨ ਅਤੇ ਕਈ ਵਾਧੂ ਫੀਚਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਸੀਂ ਨਵਾਂ ਮਾਡਲ ਮੌਜੂਦਾ ਮਾਡਲ ਨਾਲੋਂ 31 ਹਜ਼ਾਰ ਰੁਪਏ ਘੱਟ ਕੀਮਤ 'ਤੇ ਲਿਆਏ ਹਾਂ। ਇਸ ਸਪੋਰਟਸ ਬਾਈਕ ਦੀ ਬੁਕਿੰਗ 26 ਅਪੈਲ ਤੋਂ ਸ਼ੁਰੂ ਕੀਤੀ ਗਈ ਸੀ, ਜੋ 30 ਮਈ ਤਕ ਚੱਲੇਗੀ। ਇਸ ਦੌਰਾਨ ਇਸ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਗਾਹਕ ਡੇਢ ਲੱਖ ਰੁਪਏ ਦਾ ਭੁਗਤਾਨ ਕਰ ਕੇ ਇਸ ਨੂੰ ਬੁੱਕ ਕਰ ਸਕਦੇ ਹਨ। ਇਸ ਦੀ ਡਲਿਵਰੀ ਜੂਨ ਦੇ ਵਿਚਕਾਰ ਸ਼ੁਰੂ ਕੀਤੀ ਜਾਵੇਗੀ।

998cc ਵਾਲਾ ਲਿਕਵਿਡ ਕੂਲਡ ਇੰਜਣ
ਨਵੀਂ Ninja ZX-10R ’ਚ 998cc ਵਾਲਾ ਲਿਕਵਿਡ ਕੂਲਡ ਇਨ ਲਾਈਨ 4 ਸਿਲੰਡਰ ਇੰਜਣ ਲੱਗਾ ਹੈ, ਜੋ 13,500rpm 'ਤੇ 203bhp ਦੀ ਪਾਵਰ ਅਤੇ 115Nm ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਸੁਰੱਖਿਆ ਦਾ ਰੱਖਿਆ ਗਿਆ ਹੈ ਖਾਸ ਧਿਆਨ
ਇਸ ਸਪੋਰਟਸ ਬਾਈਕ 'ਚ ਚਾਲਕ ਦੀ ਸੁਰੱਖਿਆ ਨੂੰ ਦੇਖਦਿਆਂ ਦੁਨੀਆ ਦੀ ਸਭ ਤੋਂ ਸੁਰੱਖਿਅਤ ਬ੍ਰੇਕ ਨਿਰਮਾਤਾ ਇਤਾਲਵੀ ਕੰਪਨੀ  Brembo ਦੀਆਂ ਬ੍ਰੇਕਾਂ ਨੂੰ ਲਾਇਆ ਗਿਆ ਹੈ। ਫਰੰਟ 'ਚ ABS ਤਕਨੀਕ ਨਾਲ ਲੈਸ 330mm ਦੀਆਂ ਡਿਊਲ ਡਿਸਕ ਬ੍ਰੇਕਸ ਲੱਗੀਆਂ ਹਨ, ਜਦਕਿ ਰੀਅਰ 'ਚ 220mm ਦੀਆਂ ਸਿੰਗਲ ਡਿਸਕ ਬ੍ਰੇਕਸ ਲਾਈਆਂ ਗਈਆਂ ਹਨ। ਕਾਵਾਸਾਕੀ ਨੂੰ ਆਸ ਹੈ ਕਿ ਭਾਰਤ ਵਿਚ ਨਵੀਂ Ninja ZX-10R ਸਪੋਰਟਸ ਬਾਈਕ ਕੰਪਨੀ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।