ਮਾਈਕ੍ਰੋਸਾਫਟ ਨੇ ਪੇਸ਼ ਕੀਤਾ ਫੋਲਡੇਬਲ ਸਮਾਰਟਫੋਨ, ਕਿਤਾਬ ਦੀ ਤਰ੍ਹਾਂ ਮੁੜੇਗੀ ਸਕਰੀਨ

10/03/2019 1:59:12 PM

ਗੈਜੇਟ ਡੈਸਕ– ਫੋਲਡਿੰਗ ਸਮਾਰਟਫੋਨ ਦੇ ਵਧਦੇ ਕ੍ਰੇਜ਼ ਨੂੰ ਦੇਖਦੇ ਹੋਏ ਮਾਈਕ੍ਰੋਸਾਫਟ ਨੇ ਵੀ ਆਪਣਾ ਫੋਲਡਿੰਗ ਸਾਰਟਫੋਨ ਪੇਸ਼ ਕਰ ਦਿੱਤਾ ਹੈ। ਬੁੱਧਵਾਰ ਨੂੰ ਕੰਪਨੀ ਨੇ ਆਪਣੇ ਪਹਿਲੇ ਫੋਲਡੇਬਲ ਫੋਨ Surface Duo ਤੋਂ ਪਰਦਾ ਚੁੱਕਿਆ ਹੈ। ਕੰਪਨੀ ਨੇ ਇਸ ਫੋਨ ਨੂੰ ਅਜੇ ਸਿਰਫ ਪੇਸ਼ ਕੀਤਾ ਹੈ ਅਤੇ ਇਸ ਦੀ ਵਿਕਰੀ ਇਕ ਸਾਲ ਦੇ ਅੰਦਰ ਸ਼ੁਰੂ ਹੋ ਜਾਵੇਗੀ। ਮਾਈਕ੍ਰੋਸਾਫਟ ਦਾ ਸਰਫੇਸ ਡੁਓ 5.6 ਇੰਚ ਦੀਆਂ ਦੋ ਸਕਰੀਨਾਂ ਦੇ ਨਾਲ ਆਉਂਦਾ ਹੈ ਜੋ ਕਿਤਾਬ ਦੀ ਤਰ੍ਹਾਂ ਵਿਚਕਾਰੋਂ ਮੁੜਦੀਆਂ ਹਨ। ਕੰਪਨੀ ਨੇ ਅਜੇ ਫੋਨ ਦੀ ਕੀਮਤ ਬਾਰੇ ਕੋਈ ਜਾਣਖਾਰੀ ਨਹੀਂ ਦਿੱਤੀ। 

ਟਵੀਟ ਕਰਕੇ ਦਿੱਤੀ ਜਾਣਕਾਰੀ
ਫੋਲਡੇਬਲ ਫੋਨ ਦੇ ਨਾਲ ਹੀ ਕੰਪਨੀ ਨੇ ਆਪਣੇ ਆਉਣ ਵਾਲੇ ਫੋਲਡੇਬਲ ਟੈਬਲੇਟ ਦਾ ਐਲਾਨ ਵੀ ਕੀਤਾ। ਇਸ ਟੈਬਲੇਟ ’ਚ 9 ਇੰਚ ਦੀਆਂ ਦੋ ਸਕਰੀਨਾਂ ਦਿੱਤੀਆਂ ਜਾਣਗੀਆਂ। ਕੰਪਨੀ ਇਸ ਨੂੰ Surface Neo ਨਾਂ ਨਾਲ ਅਗਲੇ ਸਾਲ ਲਾਂਚ ਕਰੇਗੀ। ਕੰਪਨੀ ਨੇ ਸਰਫੇਸ ਲਾਈਨਅਪ ਦੇ ਡਿਵਾਈਸਿਜ਼ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ। ਕੰਪਨੀ ਨੇ ਇਸ ਟਵੀਟ ’ਚ ਕਿਹਾ ਕਿ ਉਹ 5 ਨਵੇਂ ਪ੍ਰੋਡਕਟ ਲਿਆ ਰਹੀ ਹੈ ਜਿਸ ਵਿਚ ਦੋ ਫੋਲਡਿੰਗ ਡਿਵਾਈਸ ਹਨ।

 

2017 ’ਚ ਬੰਦ ਕੀਤਾ ਸੀ ਵਿੰਡੋਜ਼ ਫੋਨ ਦਾ ਨਿਰਮਾਣ
ਸਮਾਰਟਫੋਨ ਇੰਡਸਟਰੀ ’ਚ ਵਧਦੀ ਮੁਕਾਬਲੇਬਾਜ਼ੀ ’ਚ ਮਾਈਕ੍ਰੋਸਾਫਟ ਪਿਛਲੇ ਕੁਝ ਸਾਲਾਂ ’ਚ ਕਾਫੀ ਪਿਛੜ ਗਈ ਸੀ। ਐਪਲ ਅਤੇ ਗੂਗਲ ਵਰਗੀਆਂ ਕੰਪਨੀਆਂ ਦੇ ਮੁਕਾਬਲੇ ਮਾਈਕ੍ਰੋਸਾਫਟ ਦੇ ਪ੍ਰੋਡਕਟ ਆਊਟਡੇਟਿਡ ਹੁੰਦੇ ਜਾ ਰਹੇ ਸਨ। ਕੰਪਨੀ ਨੇ ਨੋਕੀਆ ਫੋਨਜ਼ ਦੇ ਨਾਲ ਵਿੰਡੋਜ਼ ਫੋਨ ਲਿਆਉਣ ਦੇ ਪ੍ਰਾਜੈੱਕਟ ’ਚ 7 ਬਿਲੀਅਨ ਡਾਲਰ ਖਰਚ ਕੀਤੇ ਪਰ ਇਸ ਨਾਲ ਕੰਪਨੀ ਨੂੰ ਸਮਾਰਟਫੋਨ ਸੈਗਮੈਂਟ ’ਚ ਉਹ ਸਫਲਤਾ ਨਹੀਂ ਮਿਲੀ ਜਿਸ ਦੀ ਉਸ ਨੂੰ ਉਮੀਦ ਸੀ। 

 

ਉਮੀਦ ਮੁਤਾਬਕ ਰਿਸਪਾਂਸ ਨਾ ਮਿਲਣ ਕਾਰਨ ਕੰਪਨੀ ਨੂੰ ਕਾਫੀ ਨਿਰਾਸ਼ਾ ਹੋਈ ਸੀ ਅਤੇ ਸਾਲ 2017 ’ਚ ਵਿੰਡੋਜ਼ ਫੋਨ ਬਣਾਉਣ ਦਾ ਕੰਮ ਬੰਦ ਕਰ ਦਿੱਤਾ। ਹਾਲਾਂਕਿ, ਹੁਣ ਮਾਈਕ੍ਰੋਸਾਫਟ ਨੇ ਮੋਬਾਇਲ ਇਕੋਸਿਸਟਮ ’ਚ ਆਪਣੀ ਪਕੜ ਮਜਬੂਤ ਕਰਨ ਦਾ ਫੈਸਲਾ ਕਰ ਲਿਆ ਹੈ। 

 

ਨਵੇਂ ਡਿਵਾਈਸਿਜ਼ ਲਈ ਗੂਗਲ ਤੋਂ ਮਿਲੀ ਮਦਦ
ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਸਰਫੇਸ ਡੁਓ ਦੇ ਨਾਲ ਮਾਈਕ੍ਰੋਸਾਫਟ ਇੰਡਸਟਰੀ ’ਚ ਮੁਕਾਬਲੇਬਾਜ਼ੀ ਤੇਜ਼ ਕਰਨ ਵਾਲੀ ਹੈ ਤਾਂ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਹੀਂ ਹੈ। ਮਾਈਕ੍ਰੋਸਾਫਟ ਨੇ ਇਸ ਫੋਲਡੇਬਲ ਫੋਨ ਲਈ ਗੂਗਲ ਦੀ ਮਦਦ ਲਈ ਹੈ ਤਾਂ ਜੋ ਉਹ ਇਸ ਵਿਚ ਐਂਡਰਾਇਡ ਓ.ਐੱਸ. ਦਾ ਇਸਤੇਮਾਲ ਕਰ ਸਕੇ। ਇਸ ਦੇ ਨਾਲ ਹੀ ਮਾਈਕ੍ਰੋਸਾਫਟ ਨੇ ਇੰਟੈੱਲ ਪ੍ਰੋਸੈਸਰ ਦੇ ਨਾਲ ਹਾਰਡਵੇਅਰ ਨੂੰ ਡਿਜ਼ਾਈਨ ਕੀਤਾ ਹੈ। ਇੰਨਾ ਹੀ ਨਹੀਂ, ਕੰਪਨੀ ਇਨ੍ਹਾਂ ਡਿਵਾਈਸਿਜ਼ ਲਈ ਖਾਸਤੌਰ ’ਤੇ ਪਾਪੁਲਰ ਪ੍ਰੋਡਕਟੀਵਿਟੀ ਐਪਸ ਤਿਆਰ ਕਰ ਰਹੀ ਹੈ। 


Related News