ਮਾਈਕ੍ਰੋਸਾਫਟ ਲਿਆਏਗੀ ਫੋਲਡੇਬਲ ਸਰਫੇਸ ਡਿਵਾਈਸ, ਦੇਖਣ ਨੂੰ ਮਿਲੇਗੀ ਡਿਊਲ ਸਕਰੀਨ

09/16/2019 10:17:26 AM

ਗੈਜੇਟ ਡੈਸਕ– ਆਪਣੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ਕਾਰਣ ਦੁਨੀਆ ਭਰ 'ਚ ਜਾਣੀ ਜਾਂਦੀ ਕੰਪਨੀ ਮਾਈਕ੍ਰੋਸਾਫਟ ਜਲਦ ਹੀ ਡਿਊਲ ਸਕਰੀਨ ਨਾਲ ਸਰਫੇਸ ਡਿਵਾਈਸ ਲਾਂਚ ਕਰਨ ਵਾਲੀ ਹੈ। ਉਸ ਨੇ ਅਗਲੇ ਮਹੀਨੇ ਸਰਫੇਸ ਹਾਰਡਵੇਅਰ ਈਵੈਂਟ ਰੱਖਿਆ ਹੈ, ਜਿਸ ਵਿਚ ਇਸ ਡਿਵਾਈਸ ਨੂੰ ਪਹਿਲੀ ਵਾਰ ਦੁਨੀਆ ਸਾਹਮਣੇ ਲਿਆਂਦਾ ਜਾ ਸਕਦਾ ਹੈ।
ਕੰਪਨੀ ਨੇ ਹੁਣੇ ਜਿਹੇ ਇਸ ਸਰਫੇਸ ਡਿਵਾਈਸ ਦਾ ਪੇਟੈਂਟ ਫੋਟੋ ਰਾਹੀਂ ਦਿਖਾਇਆ ਹੈ। ਇਸ ਨੂੰ ਦੇਖਣ 'ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਡਿਊਲ ਸਕਰੀਨ ਵਾਲੀ ਡਿਵਾਈਸ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਖਾਸ ਕਿਸਮ ਦੇ ਲਿਕਵਿਡ ਦੀ ਵਰਤੋਂ ਕੀਤੀ ਜਾਵੇਗੀ, ਜੋ ਫੋਲਡੇਬਲ ਡਿਸਪਲੇਅ 'ਤੇ ਬੈਂਡ ਪੈਣ 'ਤੇ ਇਸ ਨੂੰ ਖਰਾਬ ਹੋਣ ਤੋਂ ਬਚਾਏਗਾ।

ਮਿਲਣਗੀਆਂ 2 ਫਲੈਕਸੀਬਲ ਡਿਸਪਲੇਅ
ਮਾਈਕ੍ਰੋਸਾਫਟ ਨੇ ਡਿਵਾਈਸ ਦਾ ਪੇਟੈਂਟ  ਫੋਟੋ ਰਾਹੀਂ ਦਿਖਾਇਆ ਹੈ। ਇਸ ਵਿਚ 2 ਫਲੈਕਸੀਬਲ ਡਿਸਪਲੇਅ ਦੇਖੇ ਜਾ  ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ OLED ਤਕਨੀਕ 'ਤੇ ਆਧਾਰਿਤ ਹੋਣਗੀਆਂ। ਮਾਈਕ੍ਰੋਸਾਫਟ ਕਾਫੀ ਫੋਕਸ ਨਾਲ ਇਸ ਡਿਵਾਈਸ 'ਤੇ ਕੰਮ ਕਰ ਰਹੀ ਹੈ, ਜਿਸ ਦਾ ਕੋਡਨੇਮ ‘Centaurus’ ਰੱਖਿਆ ਗਿਆ ਹੈ।

ਸੈਮਸੰਗ ਤੋਂ ਬਿਹਤਰ ਫੋਲਡੇਬਲ ਡਿਸਪਲੇਅ ਲਿਆਉਣਾ ਚਾਹੁੰਦੀ ਹੈ ਮਾਈਕ੍ਰੋਸਾਫਟ
ਸੈਮਸੰਗ ਫੋਲਡੇਬਲ ਡਿਸਪਲੇਅ ਨਾਲ ਗਲੈਕਸੀ ਫੋਲਡ ਸਮਾਰਟਫੋਨ ਲਾਂਚ ਕਰ ਚੁੱਕੀ ਹੈ, ਜਿਸ ਦੀ ਡਿਸਪਲੇਅ ਨੂੰ ਲੈ ਕੇ ਹਾਰਡਵੇਅਰ ਦੀ ਸਮੱਸਿਆ ਦੇਖੀ ਗਈ ਹੈ। ਕੰਪਨੀ ਇਹ ਸਮੱਸਿਆ ਦੂਰ ਕਰਨ 'ਚ ਲੱਗੀ ਹੋਈ ਹੈ। ਅਜਿਹੀ ਹਾਲਤ 'ਚ ਮਾਈਕ੍ਰੋਸਾਫਟ ਨਹੀਂ ਚਾਹੁੰਦੀ ਕਿ ਉਸ ਦੀ ਫਲੈਕਸੀਬਲ ਡਿਸਪਲੇਅ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਏ ਅਤੇ ਯੂਜ਼ਰਜ਼ ਨੂੰ ਪ੍ਰੇਸ਼ਾਨੀ ਹੋਵੇ। ਇਸੇ ਲਈ ਕੰਪਨੀ ਪਹਿਲਾਂ ਹੀ ਚੌਕਸੀ ਨਾਲ ਕੰਮ ਕਰ ਰਹੀ ਹੈ।

ਹੋਰ ਡਿਵਾਈਸਿਜ਼ 'ਚ ਵੀ ਇਸਤੇਮਾਲ ਹੋਵੇਗੀ ਇਹ ਤਕਨੀਕ
ਇਸ ਪੇਟੈਂਟ ਬਾਰੇ ਖਾਸ ਗੱਲ ਇਹ ਹੈ ਕਿ ਇਸ ਨੂੰ ਮਾਈਕ੍ਰੋਸਾਫਟ ਟੈਕਨਾਲੋਜੀ ਲਾਇਸੈਂਸਿੰਗ ਤਹਿਤ ਫਾਈਲ ਕੀਤਾ ਗਿਆ ਹੈ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਹ ਤਕਨੀਕ ਕੰਪਿਊਟਰ ਨਿਰਮਾਤਾਵਾਂ ਨੂੰ ਵੀ ਦੇ ਸਕਦੀ ਹੈ।

ਕੀ ਹੈ ਮਾਈਕ੍ਰੋਸਾਫਟ ਦਾ Windows Lite ਪ੍ਰਾਜੈਕਟ?
ਅਜੇ ਮਾਈਕ੍ਰੋਸਾਫਟ ਬਹੁਤ ਬਾਰੀਕੀ ਨਾਲ ਇਨਟੈੱਲ ਤੇ ਹੋਰ ਕੰਪਨੀਆਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਵਿੰਡੋਜ਼ ਨੂੰ ਹੋਰ ਚੰਗਾ ਬਣਾਇਆ ਜਾ ਸਕੇ। ਇਸ ਪ੍ਰਾਜੈਕਟ ਦਾ ਕੋਡਨੇਮ ‘Windows Lite’ ਰੱਖਿਆ ਗਿਆ ਹੈ। ਵਿੰਡੋਜ਼ ਦਾ ਇਹ ਵਰਜ਼ਨ ਫੋਲਡੇਬਲ ਡਿਊਲ ਸਕਰੀਨ ਡਿਵਾਈਸਿਜ਼ 'ਤੇ ਕੰਮ ਕਰੇਗਾ।