ਟੂ-ਇਨ-ਵਨ ਡਿਵਾਈਸ ''ਤੇ ਕਰ ਰਹੀ ਹੈ ਕੰਮ ਮਾਈਕ੍ਰੋਸਾਫਟ, ਜਾਰੀ ਕੀਤਾ ਪੇਟੈਂਟ (ਤਸਵੀਰਾਂ)

01/17/2017 2:52:51 PM

ਜਲੰਧਰ- ਸੈਮਸੰਗ ਅਤੇ ਐੱਲ.ਜੀ. ਦੇ ਫੋਲਡੇਬਲ ਡਿਵਾਈਸਿਸ ਕੁਝ ਸਮੇਂ ਤੋਂ ਚਰਜਾ ਦਾ ਵਿਸ਼ਾ ਬਣੇ ਹੋਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਕੰਪਨੀਆਂ ਇਨ੍ਹਾਂ ਡਿਵਾਈਸਿਸ ਨੂੰ ਇਸੇ ਸਾਲ ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਯੁੱਗ ਫੋਲਡੇਬਲ ਸਮਾਰਟਫੋਨਜ਼ ਦਾ ਹੀ ਹੋਵੇਗਾ। ਸੈਮਸੰਗ ਤੇ ਐੱਲ.ਜੀ. ਦੇ ਫੋਲਡੇਬਲ ਸਮਾਰਟਫੋਨਜ਼ ਨੂੰ ਟੱਕਰ ਦੇਣ ਲਈ ਮਾਈਕ੍ਰੋਸਾਫਟ ਵੀ ਮੈਦਾਨ ''ਚ ਉਤਰ ਆਈ ਹੈ। ਮਾਈਕ੍ਰੋਸਾਫਟ ਨੇ ਅੱਜ ਇਕ ਨਵਾਂ ਪੇਟੈਂਟ ਜਾਰੀ ਕੀਤਾ ਹੈ ਜਿਸ ਵਿਚ ਟੂ-ਇਨ-ਵਨ ਫੋਲਡੇਬਲ ਟੈਬਲੇਟ ਨੂੰ ਦਿਖਾਇਆ ਗਿਆ ਹੈ। ਕੰਪਨੀ ਦੁਆਰਾ ਜਾਰੀ ਕੀਤਾ ਗਿਆ ਇਹ ਪੇਟੈਂਟ ਜ਼ਾਹਰ ਕਰ ਰਿਹਾ ਹੈ ਕਿ ਮਾਈਕ੍ਰੋਸਾਫਟ ਵੀ ਫੋਲਡੇਬਲ ਡਿਵਾਈਸ ਦੀ ਦਿਸ਼ਾ ''ਚ ਕ੍ਰਾਂਤੀ ਲਿਆਉਣ ਲਈ ਉਤਾਵਲੀ ਹੈ।
ਸਮਾਰਟਫੋਨ ਖਰੀਦਣ ਤੋਂ ਪਹਿਲਾਂ ਹਰ ਕੋਈ ਉਸ ਦੇ ਆਕਾਰ ਨੂੰ ਪਹਿਲ ਦਿੰਦਾ ਹੈ। ਯੂਜ਼ਰਸ ਦੁਆਰਾ ਸਮਾਰਟਫੋਨ ਦੀ ਵਰਤੋਂ ਫੋਨ ਕਾਲ ਅਤੇ ਟੈਕਸਟ ਆਦਿ ਲਈ ਕੀਤੀ ਜਾਂਦੀ ਹੈ। ਇਸ ਲਈ ਉਹ ਛੋਟੀ ਸਕਰੀਨ ਵਾਲਾ ਸਮਾਰਟਫੋਨ ਖਰੀਦਣਾ ਹੀ ਪਸੰਦ ਕਰਦੇ ਹਨ। ਉਥੇ ਹੀ ਈ-ਮੇਲ ਦਾ ਜਵਾਬ ਦੇਣ ਅਤੇ ਇੰਟਰਨੈੱਟ ਬ੍ਰਾਊਜ਼ਿੰਗ ਲਈ ਵੱਡੀ ਸਕਰੀਨ ਵਾਲੇ ਟੈਬਲੇਟ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਯੂਜ਼ਰਸ ਦੀਆਂ ਇਨ੍ਹਾਂ ਗੱਲਾਂ ਨੂੰ ਧਿਆਨ ''ਚ ਰੱਖਦੇ ਹੋਏ ਮਾਈਕ੍ਰੋਸਾਫਟ ਅਜਿਹੀ ਤਕਨੀਕ ''ਤੇ ਕੰਮ ਕਰ ਰਹੀ ਹੈ ਜੋ ਯੂਜ਼ਰਸ ਦੀਆਂ ਇਨ੍ਹਾਂ ਦੋਵਾਂ ਜ਼ਰੂਰਤਾਂ ਨੂੰ ਇਕ ਹੀ ਡਿਵਾਈਸ ਨਾਲ ਪੂਰਾ ਕਰ ਸਕਦੀ ਹੈ। 
ਪੇਟੈਂਟ ''ਚ ਦਿਖਾਇਆ ਗਿਆ ਹੈ ਕਿ ਯੂਜ਼ਰਸ ਇਸ ਡਿਵਾਈਸ ਦੀ ਵਰਤੋਂ ਵੱਡੀ ਸਕਰੀਨ ਵਾਲੇ ਟੈਬਲੇਟ ਦੀ ਤਰ੍ਹਾਂ ਕਰ ਸਕਣਗੇ। ਉਥੇ ਹੀ ਜੇਕਰ ਉਹ ਇਸ ਦੀ ਵਰਤੋਂ ਫੋਨ ਦੀ ਤਰ੍ਹਾਂ ਕਰਨਾ ਚਾਹੁੰਦੇ ਹਨ ਤਾਂ ਇਸ ਨੂੰ ਫੋਲਡ ਕਰਕੇ ਇਸ ਦਾ ਇਸਤੇਮਾਲ ਇਕ ਸਮਾਰਟਫੋਨ ਦੀ ਤਰ੍ਹਾਂ ਕਰ ਸਕਦੇ ਹਨ।