ਹੁਣ 10 ਭਾਰਤੀ ਭਾਸ਼ਾਵਾਂ ’ਚ ਟਾਈਪਿੰਗ ਆਸਾਨ, ਮਾਈਕ੍ਰੋਸਾਫਟ ਨੇ ਲਾਂਚ ਕੀਤਾ ਸਮਾਰਟ ਕੀ-ਬੋਰਡ

06/19/2019 10:25:50 AM

ਗੈਜੇਟ ਡੈਸਕ– ਪ੍ਰਮੁੱਖ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਵਿੰਡੋਜ਼ 10 ਦੇ ਹਾਲੀਆ ਅਪਡੇਟ ਦੇ ਨਾਲ 10 ਭਾਰਤੀ ਭਾਸ਼ਾਵਾਂ ਲਈ ਸਮਾਰਟ ਫੋਨੈਟਿਕ ਕੀ-ਬੋਰਡ ਲਾਂਚ ਕੀਤਾ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਫੋਨੈਟਿਕ ਕੀ-ਬੋਰਡ ਹਿੰਦੀ, ਬਾਂਗਲਾ, ਤਮਿਲ, ਮਰਾਠੀ, ਪੰਜਾਬੀ, ਗੁਜਰਾਤੀ, ਉੜੀਆ, ਤੇਲੁਗੂ, ਕਨੰੜ ਅਤੇ ਮਲਿਆਲਮ ਭਾਸ਼ਾਵਾਂ ’ਚ ਉਪਲੱਬਧ ਹੈ। 

ਕੀ-ਬੋਰਡ ’ਚ ਯੂਜ਼ਰ ਕਸਟਮਾਈਜ਼ਡ ਇੰਡਿਕ ਹਾਰਡਵੇਅਰ ਕੀ-ਬੋਰਡ ਜਾਂ ਸਟਿਕਰ ਖਰੀਦੇ ਬਿਨਾਂ ਆਪਣੀ ਪਸੰਦ ਦੀ ਭਾਸ਼ਾ ਦਾ ਇਸਤੇਮਾਲ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਨਵੇਂ ਟੂਲਸ ਨਾਲ ਨਾ ਸਿਰਫ ਗਿਣਤੀ ਕਰਨ ’ਚ ਮਦਦ ਮਿਲੇਗੀ ਸਗੋਂ ਇਸ ਨਾਲ ਭਾਰਤੀ ਭਾਸ਼ਾਵਾਂ ’ਚ ਟਾਈਪਿੰਗ ਦੀ ਸਪੀਡ ਅਤੇ ਐਕਿਊਰੇਸੀ ’ਚ ਸੁਧਾਰ ਲਿਆਉਣ ’ਚ ਮਦਦ ਮਿਲੇਗੀ। 

ਦੂਜੀਆਂ ਭਾਸ਼ਾਵਾਂ ’ਚ ਟਾਈਪਿੰਗ ਕਰਨ ਲਈ ਯੂਜ਼ਰਜ਼ ਨੂੰ ਆਪਣਾ ਸਿਸਟਮ ਅਪਡੇਟ ਕਰਨਾ ਹੋਵੇਗਾ। ਸਿਸਟਮ ਅਪਡੇਟ ਹੋਣ ਤੋਂ ਬਾਅਦ ਲੈਂਗਵੇਜ ਸੈਟਿੰਗਸ ’ਚ ਜਾ ਕੇ ਫੋਨੈਟਿਕ ਕੀ-ਬੋਰਡਸ ਨੂੰ ਐਕਟਿਵ ਕੀਤਾ ਜਾ ਸਕਦਾ ਹੈ। ਇਸ ਵਿਚ ਭਾਰਤੀ ਅੰਕ ਵਰਗੇ ਰੀਜਨਲ ਸਿੰਬਲ ਬਣਾਉਣਾ ਵੀ ਆਸਾਨ ਹੋਵੇਗਾ। ਵਿੰਡੋਜ਼ 10 ਅਪਡੇਟ ਦੇ ਨਾਲ ਅਪਡੇਟਿਡ ਕੀ-ਬੋਰਡ ਉਪਲੱਬਧ ਕਰਵਾਇਆ ਗਿਆ ਹੈ। 

ਦੱਸ ਦੇਈਏ ਕਿ ਹੁਣ ਤਕ ਯੂਜ਼ਰਜ਼ ਨੂੰ ਦੂਜੀਆਂ ਭਾਰਤੀ ਭਾਸ਼ਾਵਾਂ ’ਚ ਟਾਈਪਿੰਗ ਕਰਨ ਲਈ ਕਸਟਮਾਈਜ਼ਡ ਇੰਡਿਕ ਹਾਰਡਵੇਅਰ ਕੀ-ਬੋਰਡ ਜਾਂ ਫਿਰ ਸਟਿਕਰਜ਼ ਦਾ ਇਸਤੇਮਾਲ ਕਰਨਾ ਪੈਂਦਾ ਸੀ ਪਰ ਹੁਣ ਬਿਨਾਂ ਸਟਿਕਰਜ਼ ਦੇ ਹੀ ਟ੍ਰਾਂਸਲੇਟਿਡ ਇੰਡਿਕ ਇਨਪੁਟ ਦੁਆਰਾ ਆਪਣ ਭਾਸ਼ਾ ’ਚ ਟਾਈਪ ਕਰਨ ਦੀ ਸੁਵਿਧਾ ਮਿਲੇਗੀ।