MG Motor ਨੇ ਭਾਰਤ ’ਚ ਲਾਂਚ ਕੀਤੀ ਇਲੈਕਟ੍ਰਿਕ SUV, ਇਕ ਚਾਰਜ ’ਚ ਚੱਲੇਗੀ 340Km

01/23/2020 6:07:40 PM

ਆਟੋ ਡੈਸਕ– ਐੱਮ.ਜੀ. ਮਟੋਰਸ ਨੇ ਆਖਿਰਕਾਰ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. ZS EV ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। ਇਸ ਦੇ ਐਕਸਾਈਟ ਵੇਰੀਐਂਟ ਦੀ ਕੀਮਤ 20.88 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ, ਉਥੇ ਹੀ ਐਕਸਕਲੂਜ਼ਿਵ ਵੇਰੀਐਂਟ ਦੀ ਕੀਮਤ 23.58 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। 
- ਕੰਪਨੀ ਨੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਇਲੈਕਟ੍ਰਿਕ ਕਾਰ ਨੂੰ 17 ਜਨਵਰੀ ਜਾਂ ਉਸ ਤੋਂ ਪਹਿਲਾਂ ਬੁੱਕ ਕੀਤਾ ਸੀ ਉਨ੍ਹਾਂ ਨੂੰ ਇਸ ਦਾ ਐਕਸਾਈਟ ਵੇਰੀਐਂਟ 19.88 ਲੱਖ ਰੁਪਏ ਅਤੇ ਐਕਸਕਲੂਜ਼ਿਵ ਵੇਰੀਐਂਟ 22.58 ਲੱਖ ਰੁਪਏ ਦੀ ਕੀਮਤ ’ਚ ਮਿਲੇਗਾ। 
- ਦੱਸ ਦੇਈਏ ਕਿ ਜੈੱਡ.ਐੱਸ. ਈ.ਵੀ. ਦੀ ਬੁਕਿੰਗ 21 ਦਸੰਬਰ 2019 ਨੂੰ ਸ਼ੁਰੂ ਕੀਤੀ ਗਈ ਸੀ ਅਤੇ 17 ਜਨਵਰੀ ਨੂੰ ਬੁਕਿੰਗ ਖਤਮ ਕਰ ਦਿੱਤੀ ਗਈ। ਹੁਣ ਤਕ ਕੰਪਨੀ ਨੇ 2800 ਜੈੱਡ.ਐੱਸ. ਈ.ਵੀ. ਦੀਆਂ ਪ੍ਰੀ-ਬੁਕਿੰਗ ਪ੍ਰਾਪਤ ਕਰ ਲਈਆਂ ਹਨ। 

8.5 ਸੈਕਿੰਡ ’ਚ ਫੜੇਗੀ 0 ਤੋਂ 100 km/h ਦੀ ਰਫਤਾਰ
ਸਿੰਗਲ ਚਾਰਜ ’ਤੇ ਇਹ ਕਾਰ 340 ਕਿਲੋਮੀਟਰ ਤਕ ਚੱਲ ਸਕਦੀ ਹੈ, ਉਥੇ ਹੀ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 8.5 ਸੈਕਿੰਡ ’ਚ ਫੜ ਲੈਂਦੀ ਹੈ। ਇਸ ਕਾਰ ’ਚ 4.5kWh ਦੀ ਬੈਟਰੀ ਲੱਗੀ ਹੈ ਜੋ ਕਾਰ ਦੀ ਮੋਟਰ ਨੂੰ 141 ਬੀ.ਐੱਚ.ਪੀ. ਦੀ ਪਾਵਰ ਅਤੇ 353 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਨ ’ਚ ਮਦਦ ਕਰਦੀ ਹੈ। 

ਸਭ ਤੋਂ ਪਹਿਲਾਂ ਦਿੱਲੀ ਅਤੇ ਮੁੰਬਈ ’ਚ ਹੋਵੇਗੀ ਉਪਲੱਬਧ
ਭਾਰਤ ’ਚ ਹੈਕਟਰ ਦੇ ਲਾਂਚ ਤੋਂ ਬਾਅਦ ਜੈੱਡ.ਐੱਸ. ਈ.ਵੀ. ਕੰਪਨੀ ਦੀ ਦੂਜੀ ਕਾਰ ਹੈ। ਸ਼ੁਰੂਆਤ ’ਚ ਜੈੱਡ.ਐੱਸ. ਈ.ਵੀ. ਨੂੰ ਦਿੱਲੀ, ਮੁੰਬਈ, ਅਹਿਮਦਾਬਾਦ, ਬੈਂਗਲੁਰੂ ਅਤੇ ਹੈਦਰਾਬਾਦ ’ਚ ਲਾਂਚ ਕੀਤਾ ਗਿਆ ਹੈ। ਦੇਸ਼ ’ਚ ਚਾਰਜਿੰਗ ਇੰਫਰਾਸਟਰਕਚਰ ਦੇ ਵਿਕਾਸ ਤੋਂ ਬਾਅਦ ਕੰਪਨੀ ਜੈੱਡ.ਐੱਸ. ਈ.ਵੀ. ਨੂੰ ਦੂਜੇ ਸ਼ਹਿਰਾਂ ’ਚ ਵੀ ਲਾਂ ਕਰੇਗੀ। 

8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਕਾਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਕਾਰ ਕੰਪੈਕਟ ਐੱਸ.ਯੂ.ਵੀ. ਕਾਰ ਵਰਗੀ ਦਿਖਾਈ ਦਿੰਦੀ ਹੈ। ਇਸ ਵਿਚ 17 ਇੰਚ ਦੇ ਅਲੌਏ ਵ੍ਹੀਲ ਅਤੇ ਪ੍ਰਾਜੈੱਕਟਰ ਹੈੱਡਲੈਂਪਸ ਦਿੱਤੇ ਗਏ ਹਨ। ਇੰਟੀਰੀਅਰ ਦੀ ਗੱਲ ਕਰੀਏ ਤਾਂ ਡੈਸ਼ਬੋਰਡ ’ਚ 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰ ’ਚ 50 ਤੋਂ ਜ਼ਿਆਦਾ ਕੁਨੈਕਟੀਵਿਟੀ ਫੀਚਰਜ਼ ਮੌਜੂਦ ਹਨ। ਕਾਰ ਦੇ ਕੈਬਿਨ ਨੂੰ ਬਲੈਕ ਰੰਗ ’ਚ ਰੱਖਿਆ ਗਿਆ ਹੈ। ਕਾਰ ’ਚ ਫੁਲ ਪੈਨਾਰੋਮਿਕ ਸਨਰੂਫ ਲੱਗੀ ਹੈ ਜੋ ਛੱਤ ਦੇ 90 ਫੀਸਦੀ ਹਿੱਸੇ ਨੂੰ ਕਵਰ ਕਰਦੀ ਹੈ। 

ਇਨਬਿਲਟ WiFi ਅਤੇ E-sim ਦੀ ਸੁਪੋਰਟ
ਕਾਰ ’ਚ ਈ-ਸਿਮ ਦੀ ਸੁਪੋਰਟ ਅਤੇ ਇਨਬਿਲਟ ਵਾਈ-ਫਾਈ ਵੀ ਦਿੱਤਾ ਗਿਆ ਹੈ ਜਿਸ ਨਾਲ ਕਿਤੋਂ ਵੀ ਅਤੇ ਕਦੇ ਵੀ ਇੰਟਰਨੈੱਟ ਦਾ ਮਜ਼ਾ ਲਿਆ ਜਾ ਸਕਦਾ ਹੈ। 

ਕਾਰ ’ਚ ਲੱਗਾ ਏਅਰ ਪਿਊਰੀਫਾਇਰ
ਕਾਰ ’ਚ ਪੀ.ਐੱਮ. 2.5 ਫਿਲਟਰ ਵੀ ਮਿਲਦਾ ਹੈ ਜੋ ਕਾਰ ਦੇ ਅੰਦਰ ਆਉਣ ਵਾਲੇ ਹਵਾ ਨੂੰ ਸਾਫ ਕਰੇਗਾ। ਸਾਰੇ ਕੁਨੈਕਟਿਡ ਕਾਰ ਫੀਚਰਜ਼ ਨੂੰ 8.0 ਇੰਚ ਟੱਚਸਕਰੀਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।