ਮਾਰੂਤੀ ਦੀ ਮਿਡ ਸਾਈਜ਼ SUV ਬਾਜ਼ਾਰ ''ਚ ਧਮਾਕੇਦਾਰ ਐਂਟਰੀ ਦੀ ਤਿਆਰੀ

06/06/2021 5:44:58 PM

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਬਾਜ਼ਾਰ ਵਿਚ ਆਪਣੀ ਪਕੜ ਨੂੰ ਹੋਰ ਵਧਾਉਣ ਲਈ ਮੱਧ ਆਕਾਰ ਦੀ ਐੱਸ. ਯੂ. ਵੀ. ਹਿੱਸੇ ਵਿਚ ਕੁਝ ਨਵਾਂ ਕਰਨ ਦੀ ਯੋਜਨਾ ਬਣਾ ਰਹੀ ਹੈ। ਦੇਸ਼ ਵਿਚ ਮਿਡ ਰੇਂਜ ਐੱਸ. ਯੂ. ਵੀ. ਬਾਜ਼ਾਰ ਵਿਚ ਇਸ ਸਮੇਂ ਹੁੰਡਈ ਦੀ ਕ੍ਰੇਟਾ ਅਤੇ ਕਿਆ ਦੀ ਸੇਲਟੋਸ ਦਾ ਦਬਦਬਾ ਹੈ।

ਮਾਰੂਤੀ ਕੋਲ ਵੀ ਇਸ ਸ਼੍ਰੇਣੀ ਵਿਚ ਐੱਸ-ਕ੍ਰਾਸ ਹੈ ਪਰ ਇਹ ਵੱਡੇ ਪੱਧਰ 'ਤੇ ਜਲਵਾ ਦਿਖਾਉਣ ਵਿਚ ਸਫ਼ਲ ਨਹੀਂ ਹੋ ਸਕੀ ਹੈ। ਕੰਪਨੀ ਦਰਅਸਲ, ਘਰੇਲੂ ਯਾਤਰੀ ਵਾਹਨ ਸ਼੍ਰੇਣੀ ਵਿਚ 50 ਫ਼ੀਸਦੀ ਹਿੱਸੇਦਾਰੀ ਬਣਾਈ ਰੱਖਣ ਦੇ ਮਕਸਦ ਨਾਲ ਐੱਸ. ਯੂ. ਵੀ. ਸ਼੍ਰੇਣੀ ਵਿਚ ਕੁਝ ਨਵਾਂ ਕਰਨ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਦੇ ਮਾਰਕੀਟਿੰਗ ਤੇ ਵਿਕਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਛੋਟੀ ਐੱਸ. ਯੂ. ਵੀ. ਸ਼੍ਰੇਣੀ ਵਿਚ ਵਿਟਾਰਾ ਬ੍ਰੇਜਾ ਦਾ ਦਬਦਬਾ ਕਾਇਮ ਹੈ ਪਰ ਮਿਡ ਸਾਈਜ਼ ਐੱਸ. ਯੂ. ਵੀ. ਵਿਚ ਸਾਡੀ ਹਿੱਸੇਦਾਰੀ ਕਾਫ਼ੀ ਘੱਟ ਹੈ।

ਉਨ੍ਹਾਂ ਕਿਹਾ ਕਿ ਮਿਡ ਸਾਈਜ਼ ਵਿਚ ਸਾਡੇ ਕੋਲ ਐੱਸ-ਕ੍ਰਾਸ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਸਾਡੀ ਯੋਜਨਾ ਹੁਣ ਮਿਡ ਸਾਈਜ਼ ਐੱਸ. ਯੂ. ਵੀ. ਵਿਚ ਨਵੀਂ ਗੱਡੀ ਉਤਾਰਨ ਦੀ ਹੈ ਪਰ ਇਸ ਦੀ ਯੋਜਨਾ ਬਾਰੇ ਨਹੀਂ ਦੱਸ ਸਕਦਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਇਸ ਸ਼੍ਰੇਣੀ ਵਿਚ ਅਸੀਂ ਕੁਝ ਨਵਾਂ ਕਰਾਂਗੇ। ਉਨ੍ਹਾਂ ਕਿਹਾ ਕਿ ਕੰਪਨੀ ਲਈ ਘਰੇਲੂ ਯਾਤਰੀ ਵਾਹਨ ਸ਼੍ਰੇਣੀ ਵਿਚ 50 ਫ਼ੀਸਦੀ ਹਿੱਸੇਦਾਰੀ ਕਾਇਮ ਰੱਖਣ ਲਈ ਮਿਡ ਸਾਈਜ਼ ਐੱਸ. ਯੂ. ਵੀ. ਸ਼੍ਰੇਣੀ ਵਿਚ ਵੱਡਾ ਕਦਮ ਰੱਖਣਾ ਬਹੁਤ ਮਹੱਤਵਪੂਰਨ ਹੈ।

Sanjeev

This news is Content Editor Sanjeev