ਮਾਰੂਤੀ, ਹੁੰਡਈ ਕਾਰਾਂ ਦੀ 2016-17 ''ਚ ਰਿਕਾਰਡ ਵਿਕਰੀ

04/02/2017 12:20:53 PM

ਜਲੰਧਰ- ਦੇਸ਼ ਦੀਆਂ ਪ੍ਰਮੁੱਖ ਕਾਰ ਕੰਪਨੀਆਂ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹੁੰਡਈ ਮੋਟਰ ਇੰਡੀਆ ਨੇ ਵਿੱਤ ਸਾਲ 2016-17 ''ਚ ਵਿਕਰੀ ਦਾ ਨਵਾਂ ਰਿਕਾਰਡ ਬਣਾਇਆ ਹੈ। ਸਾਲ ਦੌਰਾਨ ਕੰਪਨੀਆਂ ਨੇ ਕਈ ਨਵੇਂ ਮਾਡਲਾਂ ਅਤੇ ਮੌਜੂਦਾ ਪ੍ਰੋਡਕਟਸ ਲਈ ਚੰਗੀ ਡਿਮਾਂਡ ਦੇ ਦਮ ''ਤੇ ਰਿਕਾਰਡ ਵਿਕਰੀ ਦਰਜ ਕੀਤੀ। ਉਥੇ ਹੀ ਟਾਟਾ ਮੋਟਰਸ, ਰੇਨੋ ਅਤੇ ਨਿਸਾਨ ਇੰਡੀਆ ਨੇ ਵੀ ਸਾਲ ਦੌਰਾਨ ਵਿਕਰੀ ''ਚ ਵੀ ਚੰਗਾ ਵਾਧਾ ਦਰਜ ਕੀਤਾ, ਜਦੋਂਕਿ ਦੋਪਹੀਆਂ ਵਾਹਨਾਂ ਦੀ ਵਿਕਰੀ ''ਚ ਵੀ ਤੇਜ਼ ਵਾਧਾ ਰਿਹਾ।
ਟਾਟਾ ਮੋਟਰਸ ਦੀ ਵਿਕਰੀ 6 ਫੀਸਦੀ ਵਧੀ
ਟਾਟਾ ਮੋਟਰਸ ਨੇ ਵੀ ਸਾਲ ਦੌਰਾਨ ਵਾਹਨ ਵਿਕਰੀ ''ਚ ਚੰਗਾ ਵਾਧਾ ਦਰਜ ਕੀਤਾ । ਸਾਲ 2016-17 ''ਚ ਉਸ ਦੇ ਵਾਹਨਾਂ ਦੀ ਵਿਕਰੀ 6 ਫੀਸਦੀ ਵਧ ਕੇ 5,42,561 ਵਾਹਨ ਰਹੀ ਜੋ ਪਿਛਲੇ ਵਿੱਤ ਸਾਲ ''ਚ 5,11,705 ਵਾਹਨ ਸੀ ।

ਰੇਨੋ ਦੀ ਵਿਕਰੀ ਵਧੀ 88.4 ਫੀਸਦੀ
ਫ਼ਰਾਂਸ ਦੀ ਕਾਰ ਨਿਰਮਾਤਾ ਕੰਪਨੀ ਰੇਨੋ ਨੇ ਦੱਸਿਆ 2016-17 ''ਚ ਉਸ ਦੀ ਵਿਕਰੀ 88.4 ਫੀਸਦੀ ਵਧ ਕੇ 1,35,123 ਇਕਾਈ ਰਹੀ, ਜਦੋਂਕਿ ਇਸ ਤੋਂ ਪਿਛਲੇ ਸਾਲ ਕੰਪਨੀ ਨੇ ਕੁਲ 71,732 ਵਾਹਨ ਵੇਚੇ ਸਨ।

ਹੌਂਡਾ ਕਾਰਸ ਨੇ ਵੇਚੇ 18,950 ਵਾਹਨ
ਹੌਂਡਾ ਕਾਰਸ ਇੰਡੀਆ ਲਿਮਟਿਡ ਦੀ ਮਾਰਚ ''ਚ ਘਰੇਲੂ ਵਿਕਰੀ 8.7 ਫੀਸਦੀ ਵਧ ਕੇ 18,950 ਵਾਹਨ ਰਹੀ। ਪਿਛਲੇ ਸਾਲ ਇਸ ਮਹੀਨੇ ''ਚ ਇਹ ਅੰਕੜਾ 17,430 ਇਕਾਈ ਸੀ।

ਫੋਰਡ ਇੰਡੀਆ ਦੀ ਵਿਕਰੀ 15 ਫੀਸਦੀ ਵਧੀ
ਇਸੇ ਤਰ੍ਹਾਂ ਫੋਰਡ ਇੰਡੀਆ ਦੀ ਮਾਰਚ ''ਚ ਘਰੇਲੂ ਵਿਕਰੀ 15 ਫੀਸਦੀ ਵਧ ਕੇ 8700 ਵਾਹਨ ਰਹੀ ਹੈ।

ਮਾਰੂਤੀ ਦੀ ਕੁਲ ਵਿਕਰੀ 9.8 ਫੀਸਦੀ ਵਧੀ
ਵਿੱਤ ਸਾਲ 2016-17 ''ਚ ਮਾਰੂਤੀ ਦੀ ਕੁਲ ਵਿਕਰੀ 9.8 ਫੀਸਦੀ ਵਧ ਕੇ ਰਿਕਾਰਡ 15,68,603 ਕਾਰਾਂ ਦੀ ਰਹੀ, ਜਦੋਂਕਿ ਇਸ ਤੋਂ ਪਿਛਲੇ ਸਾਲ ਉਸ ਨੇ 14,29,248 ਵਾਹਨ ਵੇਚੇ ਸਨ।
ਕੰਪਨੀ ਨੇ ਸਾਲ ਦੌਰਾਨ ਘਰੇਲੂ ਬਾਜ਼ਾਰ ''ਚ 14,44,541 ਵਾਹਨ ਵੇਚੇ, ਜਦੋਂਕਿ 2015-16 ''ਚ ਉਸਨੇ 13,05,351 ਵਾਹਨ ਘਰੇਲੂ ਬਾਜ਼ਾਰ ''ਚ ਵੇਚੇ ਸਨ । ਮਾਰੂਤੀ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਵਿਕਰੀ) ਆਰ. ਐੱਸ. ਕਲਸੀ ਨੇ ਕਿਹਾ, ''''ਸਾਡੇ ਉਤਪਾਦਾਂ ਦੀ ਮੰਗ ਸਾਲ ਭਰ ਬਣੀ ਰਹੀ, ਇਸ ਕਾਰਨ ਅਸੀਂ ਘਰੇਲੂ ਬਾਜ਼ਾਰ ''ਚ ਵਿਕਰੀ ''ਚ ਵਾਧਾ ਦਰਜ ਕੀਤਾ ਜੋ ਸਮੁੱਚੇ ਉਦਯੋਗ ਦੇ ਵਾਧੇ ਨਾਲੋਂ ਲਗਾਤਾਰ 5ਵੇਂ ਸਾਲ ਜ਼ਿਆਦਾ ਹੈ।''''

ਫਾਕਸਵੈਗਨ ਨੇ ਵੇਚੇ 34 ਫੀਸਦੀ ਜ਼ਿਆਦਾ ਵਾਹਨ
ਜਰਮਨੀ ਦੀ ਫਾਕਸਵੈਗਨ ਦੀ ਮਾਰਚ ''ਚ ਵਿਕਰੀ 34 ਫੀਸਦੀ ਵਧ ਕੇ 4,792 ਵਾਹਨ ਰਹੀ ਹੈ ਜੋ ਪਿਛਲੇ ਸਾਲ ਮਾਰਚ ''ਚ 3570 ਵਾਹਨ ਸੀ।

ਹੁੰਡਈ ਦੀ ਵਿਕਰੀ ''ਚ 5.2 ਫੀਸਦੀ ਵਾਧਾ
ਮੁਕਾਬਲੇਬਾਜ਼ ਕੰਪਨੀ ਹੁੰਡਈ ਦੀ ਵਿੱਤ ਸਾਲ 2016-17 ''ਚ ਕੁਲ ਵਿਕਰੀ 5.2 ਫੀਸਦੀ ਵਧ ਕੇ 5,09,707 ਵਾਹਨ ਰਹੀ, ਜਦੋਂਕਿ ਵਿੱਤ ਸਾਲ 2015-16 ''ਚ ਇਹ 4,84,324 ਵਾਹਨ ਰਹੀ ਸੀ। ਕੰਪਨੀ ਦੇ ਵਾਈਸ ਚੇਅਰਮੈਨ (ਵਿਕਰੀ ਅਤੇ ਮਾਰਕੀਟਿੰਗ) ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਬਿਹਤਰ ਵਿਕਰੀ ਦੇ ਨਾਲ ਸਾਲ ਖਤਮ ਕੀਤਾ ਹੈ ਅਤੇ ਇਸ ਤੋਂ ਅਗਲੇ ਸਾਲ ਲਈ ਵੀ ਇਕ ਵਧੀਆ ਮਾਹੌਲ ਬਣਾਉਣ ''ਚ ਮਦਦ ਮਿਲੇਗੀ।

ਨਿਸਾਨ ਨੇ ਵੇਚੇ 57,315 ਵਾਹਨ
ਇਸੇ ਤਰ੍ਹਾਂ ਨਿਸਾਨ ਇੰਡੀਆ ਦੀ ਕੁਲ ਵਿਕਰੀ 57,315 ਵਾਹਨ ਰਹੀ, ਜਦੋਂਕਿ ਪਿਛਲੇ ਵਿੱਤ ਸਾਲ ''ਚ ਇਹ ਅੰਕੜਾ ਇਸ ਤੋਂ ਘੱਟ ਯਾਨੀ 39,393 ਵਾਹਨ ਸੀ ।

ਵੀ. ਈ. ਸੀ. ਵੀ. ਦੀ ਵਿਕਰੀ 8.5 ਫੀਸਦੀ ਵਧੀ
ਵਪਾਰਕ ਵਾਹਨ ਸ਼੍ਰੇਣੀ ਦੀ ਕੰਪਨੀ ਵੀ. ਈ. ਸੀ. ਵੀ. ਦੀ ਵਿਕਰੀ ਮਾਰਚ ''ਚ 8.5 ਫੀਸਦੀ ਵਧ ਕੇ 7327 ਵਾਹਨ ਰਹੀ ਹੈ। ਪਿਛਲੇ ਸਾਲ ਇਸ ਮਹੀਨੇ ''ਚ ਕੰਪਨੀ ਨੇ 6753 ਵਾਹਨਾਂ ਦੀ ਵਿਕਰੀ ਕੀਤੀ ਸੀ । ਵੀ. ਈ. ਸੀ. ਵੀ. ਸਵੀਡਨ ਦੇ ਵੋਲਵੋ ਸਮੂਹ ਅਤੇ ਆਇਸ਼ਰ ਮੋਟਰਸ ਦਾ ਸਾਂਝਾ ਅਦਾਰਾ ਹੈ।