Google Pay ਰਾਹੀਂ ਭੁਗਤਾਨ ਕਰਨਾ ਪਿਆ ਮਹਿੰਗਾ, ਲੱਗਾ 96 ਹਜ਼ਰਾ ਰੁਪਏ ਦਾ ਚੂਨਾ

09/20/2019 4:14:34 PM

ਗੈਜੇਟ ਡੈਸਕ– ਅੱਜ ਦੇ ਤੌਰ ’ਚ ਆਨਲਾਈਨ ਪੇਮੈਂਟ ਰਾਹੀਂ ਧੋਖਾਧੜੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਕ ਤਾਜ਼ਾ ਮਾਮਲੇ ’ਚ ਮੁੰਬਈ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਗੂਗਲ ਪੇਅ ਰਾਹੀਂ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਮਹਿੰਗਾ ਪਿਆ ਹੈ ਅਤੇ ਇਸ ਨਾਲ ਉਸ ਨੂੰ 96 ਹਜ਼ਾਰ ਰੁਪਏ ਦਾ ਚੂਨਾ ਲੱਗ ਗਿਆ। 
- ਆਨਲਾਈਨ ਨਿਊਜ਼ ਵੈੱਬਸਾਈਟ trak.in ਦੀ ਰਿਪੋਰਟ ਮੁਤਾਬਕ, ਬਿਜਲੀ ਦਾ ਬਿੱਲ ਭਰਨ ਲਈ ਯੂਜ਼ਰ ਨੇ ਗੂਗਲ ਪੇਅ ਦਾ ਇਸਤੇਮਾਲ ਕੀਤਾ ਸੀ ਪਰ ਉਸ ਨੂੰ ਟ੍ਰਾਂਜੈਕਸ਼ਨ ਫੇਲ ਹੋਣ ਦਾ ਮੈਸੇਜ ਮਿਲਿਆ 
- ਇਸ ਤੋਂ ਬਾਅਦ ਯੂਜ਼ਰ ਨੇ ਗੂਗਲ ਡਾਟ ਕਾਮ ’ਤੇ ਗੂਗਲ ਪੇਅ ਕਸਟਮਰ ਕੇਅਰ ਨੰਬਰ ਸਰਚ ਕੀਤਾ ਅਤੇ ਕਾਲ ਕੀਤੀ। ਇਹ ਨੰਬਰ ਫਰਜ਼ੀ ਨਿਕਲਿਆ। ਜਾਅਲਸਾਜ਼ਾਂ ਨੇ ਉਸ ਨੂੰ ਕਿਹਾ ਕਿ ਟ੍ਰਾਂਜੈਕਸ਼ਨ ਫੇਲ ਹੋਣਾ ਇਕ ਆਮ ਗੱਲ ਹੈ ਅਤੇ ਇਸ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। 
- ਫਰਜ਼ੀ ਐਗਜ਼ੀਕਿਊਟਿਵ ਨੇ ਯੂਜ਼ਰ ਨੂੰ ਆਪਣੇ ਝਾਂਸੇ ’ਚ ਲੈਂਦੇ ਹੋਏ ਇਕ ਟੈਕਸਟ ਮੈਸੇਜ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ ਅਤੇ ਅਜਿਹਾ ਕਰਦੇ ਹੋਏ ਯੂਜ਼ਰ ਦੇ ਖਾਤੇ ’ਚੋਂ 96,000 ਰੁਪਏ ਕਿਸੇ ਅਣਜਾਣ ਵਿਅਕਤੀ ਦੇ ਖਾਤੇ ’ਚ ਟ੍ਰਾਂਸਫਰ ਹੋ ਗਏ। 

ਧੋਖਾਧੜੀ ਦੇ ਮਾਮਲਿਆਂ ’ਚ ਹੋ ਰਿਹਾ ਲਗਾਤਾਰ ਵਾਧਾ
ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਤਰ੍ਹਾਂ ਆਨਲਾਈਨ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਫਰਜ਼ੀ ਕਸਟਮਰ ਕੇਅਰ ਨੰਬਰ ਨੂੰ ਡਾਇਲ ਕਰਨ ਤੋਂ ਬਾਅਦ ਯੂਜ਼ਰ ਨੂੰ ਭੁਗਤਨਾ ਪਿਆ ਹੈ। ਕੁਝ ਹਫਤੇ ਪਹਿਲਾਂ ਬੈਂਗਲੁਰੂ ਦੀ ਇਕ ਮਹਿਲਾ ਦੇ ਖਾਤੇ ’ਚੋਂ 95,000 ਰੁਪਏ ਚੋਰੀ ਹੋ ਗਏ ਸਨ ਜਦੋਂ ਮਹਿਲਾ ਨੇ Swiggy ਤੋਂ ਖਾਣਾ ਆਰਡਰ ਕੀਤਾ ਸੀ। ਟ੍ਰਾਂਜੈਕਸ਼ਨ ’ਚ ਹੋਈ ਕੁਝ ਗੜਬੜੀ ਦੀ ਜਾਣਕਾਰੀ ਪਾਉਣ ਲਈ ਮਹਿਲਾ ਨੇ ਇਸੇ ਤਰ੍ਹਾਂ ਫਰਜ਼ੀ ਕਸਟਮਰ ਕੇਅਰ ਨੰਬਰ ਡਾਇਲ ਕਰ ਦਿੱਤਾ ਸੀ। ਇਸ ਦੌਰਾਨ ਠੱਗਾਂ ਨੇ ਮਹਿਲਾ ਨੂੰ ਝਾਂਸੇ ਨੂੰ ਲੈ ਕੇ ਅਕਾਊਂਟ ਦੀ ਸਾਰੀ ਜਾਣਕਾਰੀ ਕੱਢਵਾ ਲਈ ਅਤੇ ਪੈਸੇ ਆਪਣੇ ਖਾਤੇ ’ਚ ਟ੍ਰਾਂਸਫਰ ਕਰ ਲਏ। 

ਉਥੇ ਹੀ ਜੁਲਾਈ 2018 ’ਚ ਇਕ ਯੂਜ਼ਰ ਨਾਲ ਉਸ ਸਮੇਂ 2.2 ਲੱਖ ਰੁਪਏ ਦੀ ਠੱਗੀ ਹੋਈ ਜਦੋਂ ਉਹ ਇਕ ਨਾਮੀਂ ਫੂਡ ਐਪ ਤੋਂ ਖਾਣਾ ਆਰਡਰ ਕਰ ਰਿਹਾ ਸੀ। ਇਸ ਮਾਮਲੇ ’ਚ ਫੇਕ ਕਸਟਮਰ ਕੇਅਰ ਨੰਬਰ ’ਤੇ ਮਿਲੇ ਫਰਜ਼ੀ ਐਗਜ਼ੀਕਿਊਟਿਵ ਨੇ ਬੜੀ ਚਲਾਕੀ ਨਾਲ ਯੂਜ਼ਰ ਦਾ ਓ.ਟੀ.ਪੀ. ਮੰਗ ਲਿਆ ਸੀ। ਓ.ਟੀ.ਪੀ. ਦੱਸਣ ਦੇ ਕੁਝ ਹੀ ਸਮੇਂ ਬਾਅਦ ਜਦੋਂ ਯੂਜ਼ਰ ਨੇ ਫੋਨ ਚੈੱਕ ਕੀਤਾ ਤਾਂ ਉਸ ਦੇ ਖਾਤੇ ’ਚੋਂ 2.2 ਲੱਖ ਰੁਪਏ ਟ੍ਰਾਂਸਫਰ ਹੋਣ ਦਾ ਮੈਸੇ ਮਿਲਿਆ। 

ਆਨਲਾਈਨ ਠੱਗੀ ਤੋਂ ਇੰਝ ਬਚੋ
- ਆਮਤੌਰ ’ਤੇ ਠੱਕ ਗਾਹਕਾਂ ਨੂੰ ਫਰਜ਼ੀ ਬੈਂਕ ਐਗਜ਼ੀਕਿਊਟਿਵ ਬਣ ਕੇ ਕਾਲ ਕਰਦੇ ਹਨ। ਉਥੇ ਹੀ ਉਨ੍ਹਾਂ ਦਾ ਗੱਲ ਕਰਨ ਦਾ ਤਰੀਕਾ ਵੀ ਬਿਲਕੁਲ ਪ੍ਰੋਫੈਸ਼ਨਲ ਬੈਂਕ ਕਰਮਚਾਰੀ ਦੀ ਤਰ੍ਹਾਂ ਹੀ ਹੁੰਦਾ ਹੈ। ਅਜਿਹੇ ’ਚ ਤੁਸੀਂ ਉਸ ਤੋਂ ਬੈਂਕਿੰਗ ਨਾਲ ਜੁੜੇ ਕਈ ਸਵਾਲ ਪੁੱਛੋ। ਅਜਿਹਾ ਕਰਨ ’ਤੇ ਉਹ ਖੁਦ ਹੀ ਫੋਨ ਕੱਟ ਦੇਵੇਗਾ। 

- ਜੇਕਰ ਫਰਜ਼ੀ ਐਗਜ਼ੀਕਿਊਟਿਵ ਤੁਹਾਡੇ ਕੋਲੋਂ ਵੈਰੀਫਿਕੇਸ਼ਨ ਦੇ ਤੌਰ ’ਤੇ ਸਵਾਲ ਪੁੱਛੇ ਜਿਵੇਂ ਕਿ ਜਨਮ ਤਰੀਕ, ਨਾਂ ਜਾਂ ਫਿਰ ਮੋਬਾਇਲ ਨੰਬਰ ਆਦਿ ਤਾਂ ਕਿਸੇ ਵੀ ਤਰ੍ਹਾਂ ਦੀ ਡਿਟੇਲ ਨਾ ਦਿਓ, ਕਿਉਂਕਿ ਤੁਹਾਡੇ ਬੈਂਕ ਕੋਲ ਪਹਿਲਾਂ ਹੀ ਤੁਹਾਡੀ ਡਿਟੇਲ ਮੌਜੂਦ ਹੈ। 

- ਫਰਜ਼ੀ ਐਗਜ਼ੀਕਿਊਟਿਵ ਜੇਕਰ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਜਾਂ ਫਿਰ ਅਜਿਹਾ ਕਹੇ ਕਿ ਜੇਕਰ ਤੁਸੀਂ ਉਸ ਦੁਆਰਾ ਦਿੱਤੇ ਗਏ ਸੁਝਾਅ ’ਤੇ ਅਮਲ ਨਹੀਂ ਕੀਤਾ ਤਾਂ ਤੁਹਾਡਾ ਡੈਬਿਟ/ਕ੍ਰੈਡਿਟ ਕਾਰਡ ਅਤੇ ਮੋਬਾਇਲ ਬੈਂਕਿੰਗ ਸੇਵਾਵਾਂ ਬਲਾਕ ਹੋ ਸਕਦੀਆਂ ਹਨ ਤਾਂ ਅਜਿਹੇ ’ਚ ਘਬਰਾਓ ਨਾ। 

- ਇਸ ਦੌਰਾਨ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਪ ਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਾਲ ਨੂੰ ਕੱਟ ਦਿਓ। ਆਮਤੌਰ ’ਤੇ ਜਾਅਲਸਾਜ਼ ਤੁਹਾਨੂੰ ਰਿਮੋਟ ਡਿਵਾਈਸ ਕੰਟਰੋਲ ਐਪ ਜਿਵੇਂ AnyDesk ਡਾਊਨਲੋਡ ਕਰਨ ਲਈ ਕਹਿੰਦੇ ਹਨ ਤਾਂ ਅਜਿਹਾ ਬਿਲਕੁਲ ਨਾ ਕਰੋ। 

- ਜੇਕਰ ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੇ ਕੋਡ ਦੀ ਮੰਗ ਕੀਤੀ ਜਾਵੇ ਤਾਂ ਇਹ ਕੋਡ ਨਾ ਦਿਓ। ਜਾਅਲਸਾਜ਼ ਬੜੀ ਹੀ ਚਲਾਕੀ ਨਾਲ ਤੁਹਾਡੇ ਕੋਲੋਂ 9 ਅੰਕਾਂ ਵਾਲਾ ਕੋਡ ਮੰਗਦੇ ਹਨ ਜੋ ਕਿ ਤੁਹਾਨੂੰ ਨਹੀਂ ਦੇਣਾ ਚਾਹੀਦਾ। ਇਹ ਕੋਡ ਲਾਗ ਇਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਅਤੇ ਇਸ ਨਾਲ ਫਰਜ਼ੀ ਕਾਲਰ ਯੂਜ਼ਰ ਦੇ ਫੋਨ ਦਾ ਫੁਲ ਐਕਸੈਸ ਪਾ ਸਕਦੇ ਹਨ। 

ਧਿਆਨ ਰਹੇ ਕਿ ਜੇਕਰ ਕੋਈ ਕਸਟਮਰ ਕੇਅਰ ਐਗਜ਼ੀਕਿਊਟਿਵ ਤੁਹਾਨੂੰ ਕੋਈ ਦੂਜੀ ਐਪ ਡਾਊਨਲੋਡ ਕਰਨ ਲਈ ਕਹਿੰਦਾ ਹੈ ਤਾਂ ਉਹ ਫਰਾਡ ਹੈ, ਅਜਿਹੇ ’ਚ ਬਿਨਾਂ ਕੁਝ ਦੱਸੇ ਫੋਨ ਨੂੰ ਕੱਟ ਦੇਣਾ ਹੀ ਠੀਕ ਹੋਵੇਗਾ।