ਆਨਲਾਈਨ ਫੋਨ ਮੰਗਾਉਣਾ ਪਿਆ ਮਹਿੰਗਾ, 94 ਹਜ਼ਾਰ ਰੁਪਏ ’ਚ ਮਿਲਿਆ ਨਕਲੀ iPhone

12/16/2019 1:06:35 PM

ਗੈਜੇਟ ਡੈਸਕ– ਆਨਲਾਈਨ ਸ਼ਾਪਿੰਗ ਰਾਹੀਂ ਜਿਥੇ ਕੁਝ ਲੋਕਾਂ ਨੂੰ ਖਰੀਦਾਰੀ ਦੀ ਸੁਵਿਧਾ ਮਿਲਦੀ ਹੈ ਉਥੇ ਹੀ ਕੁਝ ਲਈ ਇਹ ਪਰੇਸ਼ਾਨੀ ਦਾ ਸਬਬ ਵੀ ਬਣ ਜਾਂਦੀ ਹੈ। ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਰਾਹੀਂ ਇਕ ਸ਼ਖਸ ਨੇ iPhone 11 Pro ਖਰੀਦਿਆ ਸੀ ਪਰ ਬਾਕਸ ’ਚੋਂ ਇਕ ਐਂਡਰਾਇਡ ਫੋਨ ਮਿਕਲਿਆ ਜਿਸ ਦੇ ਰੀਅਰ ’ਚ ਆਈਫੋਨ ਦੇ ਕੈਮਰੇ ਦੇ ਡਿਜ਼ਾਈਨ ਵਾਲਾ ਸਟਿਕਰ ਲੱਗਾ ਹੋਇਆ ਸੀ। 

ਕੀ ਹੈ ਪੂਰਾ ਮਾਮਲਾ
ਬੈਂਗਲੁਰੂ ’ਚ ਰਹਿਣ ਵਾਲੇ ਰਜਨੀਕਾਂਤ ਕੁਸ਼ਵਾਹਾ ਨੇ ਫਲਿਪਕਾਰਟ ਤੋਂ ਆਈਫੋਨ 11 ਪ੍ਰੋ ਆਰਡਰ ਕੀਤਾ ਸੀ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਫੋਨ ਡਲਿਵਰ ਕੀਤਾ। ਰਜਨੀਕਾਂਤ ਨੇ ਜਿਵੇਂ ਹੀ ਬਾਕਸ ’ਚੋਂ ਫੋਨ ਕੱਢਿਆ ਤਾਂ ਉਸ ਦੇ ਹੋਸ਼ ਉਡ ਗਏ। ਬਾਕਸ ’ਚੋਂ ਇਕ ਐਂਡਰਾਇਡ ਫੋਨ ਮਿਲਿਆ ਜਿਸ ’ਤੇ ਆਈਫੋਨ 11 ਪ੍ਰੋ ਦੇ ਕੈਮਰੇ ਦਾ ਸਟਿਕਰ ਲੱਗਾ ਹੋਇਆ ਸੀ। 

ਆਰਡਰ ਦੇ ਨਾਲ ਹੀ ਕਰ ਦਿੱਤੀ ਸੀ ਪੇਮੈਂਟ
ਕੁਸ਼ਵਾਹਾ ਨੇ ਦੱਸਿਆ ਕਿ ਉਨ੍ਹਾਂ 93,900 ਰੁਪਏ ਦੀ ਪੇਮੈਂਟ ਪਹਿਲਾਂ ਹੀ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਡਲਿਵਰੀ ਹੋਇਆ ਫੋਨ ਆਈਫੋਨ ਐਕਸ ਐੱਸ ਦੀ ਤਰ੍ਹਾਂ ਦਿਸ ਰਿਹਾ ਹੈ ਜਦ ਕਿ ਉਹ ਆਈਫੋਨ ਹੈ ਹੀ ਨਹੀਂ। 

ਫੋਨ ’ਚ ਮੌਜੂਦ ਸਨ ਐਂਡਰਾਇਜ ਐਪਸ
ਕੁਸ਼ਵਾਹਾ ਨੇ ਦੱਸਿਆ ਹੈ ਕਿ ਇਸ ਫੋਨ ’ਚ ਕਈ ਐਂਡਰਾਇਡ ਐਪਸ ਪ੍ਰੀਲੋਡਿਡ ਸਨ। ਹਾਲਾਂਕਿ, ਸ਼ਿਕਾਇਤ ਤੋਂ ਬਾਅਦ ਫਲਿਪਕਾਰਟ ਨੇ ਰਜਨੀਕਾਂਤ ਨੂੰ ਨਵਾਂ ਫੋਨ ਦੇਣ ਦਾ ਵਾਅਦਾ ਕੀਤਾ ਹੈ। 

ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਅਜਿਹਾ ਮਾਮਲਾ
ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਈ-ਕਾਮਰਸ ਸਾਈਟ ਤੋਂ ਫੋਨ ਮੰਗਾਉਣ ’ਤੇ ਗਾਹਕ ਠੱਗੀ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਮੁੰਬਈ ਦੇ ਇਕ ਸ਼ਖਸ ਨੇ ਮੋਟੋਰੋਲਾ ਦਾ ਫੋਨ ਮੰਗਾਇਆ ਸੀ ਪਰ ਬਾਕਸ ’ਚੋਂ ਫੋਨ ਦੀ ਥਾਂ ‘ਪਾਰਲੇ-ਜੀ’ ਬਿਸਕੁਟ ਦਾ ਪੈਕੇਟ ਨਿਕਲਿਆ ਸੀ।