ਲੀਕ ਵੀਡੀਓ 'ਚ ਦਿਸਿਆ ਆਈਫੋਨ ਐਕਸ ਦਾ ਛੋਟਾ ਅਵਤਾਰ!

03/16/2018 2:36:04 PM

ਜਲੰਧਰ- ਐਪਲ ਨੇ 2016 'ਚ ਆਈਫੋਨ ਐੱਸ.ਈ. ਲਾਂਚ ਕੀਤਾ ਸੀ। ਕੰਪਨੀ ਦਾ ਮਕਸਦ ਉਨ੍ਹਾਂ ਗਾਹਕਾਂ ਨੂੰ ਟਾਰਗੇਟ ਕਰਨਾ ਸੀ ਜੋ ਛੋਟਾ ਸਮਾਰਟਫੋਨ ਇਸਤੇਮਾਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਇਸ ਸਮਾਰਟਫੋਨ ਦਾ ਨਵਾਂ ਵੇਰੀਐਂਟ ਜਾਂ ਇਸ ਦੀ ਅਗਲੀ ਸੀਰੀਜ਼ ਲਾਂਚ ਨਹੀਂ ਕੀਤੀ ਗਈ। ਹੁਣ ਰਿਪੋਰਟਾਂ ਆ ਰਹੀਆਂ ਹਨ ਕਿ ਕੰਪਨੀ ਇਸ ਦਾ ਅਗਲਾ ਵਰਜਨ ਆਈਫੋਨ ਐੱਸ.ਈ. 2 ਲਾਂਚ ਕਰਨ ਦੀ ਤਿਆਰੀ 'ਚ ਹੈ। 
ਐਪਲ ਡਿਵੈਲਪਰ ਕਾਨਫਰੈਂਸ ਡਬਲਯੂ.ਡਬਲਯੂ.ਡੀ.ਸੀ. ਜੂਨ 'ਚ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਮੁਮਕਿਨ ਹੈ ਕਿ ਕੰਪਨੀ ਆਈਫੋਨ ਐੱਸ.ਈ. 2 ਪੇਸ਼ ਕਰੇਗੀ। ਇਕ ਲੀਕ ਵੀਡੀਓ ਸਾਹਮਣੇ ਆ ਰਹੀ ਹੈ ਜੋ ਕਿ ਕਥਿਤ ਤੌਰ 'ਤੇ ਆਈਫੋਨ ਐੱਸ.ਈ. 2 ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਯੂਟਿਊਬ 'ਤੇ ਅਪਲੋਡ ਕੀਤੀ ਗਈ ਹੈ ਅਤੇ ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਆਈਫੋਨ ਐਕਸ ਵਰਗਾ ਹੀ ਨੌਚ ਵੀ ਦਿਸ ਰਿਹਾ ਹੈ। ਇਸ ਵੀਡੀਓ 'ਚ ਨੌਚ ਤੋਂ ਇਲਾਵਾ ਡਿਊਲ ਰਿਅਰ ਕੈਮਰਾ ਵੀ ਦਿਖਾਈ ਦੇ ਰਿਹਾ ਹੈ। ਕੁਲ ਮਿਲਾ ਕੇ ਇਹ ਦੇਖਣ 'ਚ ਆਈਫੋਨ ਐਕਸ ਦਾ ਛੋਟਾ ਅਵਤਾਰ ਲੱਗਦਾ ਹੈ। ਇਹ ਵੀਡੀਓ ਕਿੰਨੀ ਸਹੀ ਹੈ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲੇਗਾ ਪਰ ਇਸ ਤੋਂ ਪਹਿਲਾਂ ਵੀ ਰਿਪੋਰਟਾਂ ਆ ਰਹੀਆਂ ਸਨ ਕਿ ਕੰਪਨੀ ਆਈਫੋਨ ਐੱਸ.ਈ. 2 ਬਣਾ ਰਹੀ ਹੈ। ਇਸ ਵਿਚ ਵੀ ਆਈਫੋਨ ਐਕਸ ਵਰਗੀ ਹੀ ਐੱਜ-ਟੂ-ਐੱਜ ਡਿਸਪਲੇਅ ਦਿੱਤੀ ਜਾ ਸਕਦੀ ਹੈ। 

ਐਪਲ ਇਨਸਾਈਡਰ ਦੀ ਇਕ ਰਿਪੋਰਟ ਮੁਤਾਬਕ ਕੇ.ਜੀ.ਆਈ. ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਮਿੰਗ ਚੂ ਕੂਓ ਨੇ ਪਹਿਲਾਂ ਕਿਹਾ ਸੀ ਕਿ ਕੰਪਨੀ ਇਸ ਸਾਲ ਆਈਫੋਨ ਐਸ.ਈ. 2 ਨੂੰ ਨਾ ਲਿਆ ਕੇ ਅਗਲੇ ਸਾਲ ਤਿੰਨ ਨਵੇਂ ਸਮਾਰਟਫੋਨਸ 'ਤੇ ਆਪਣਾ ਧਿਆਨ ਕੇਂਦਰਿਤ ਕਰੇਗੀ। ਅਗਲੇ ਤਿੰਨੇਂ ਆਈਫੋਨ ਦੇਖਣ 'ਚ ਆਈਫੋਨ ਐਕਸ ਵਰਗੇ ਹੀ ਲੱਗਣਗੇ ਅਤੇ ਸ਼ਾਇਦ ਇਸ ਲਈ ਹੀ ਅਗਲੇ ਸਾਲ ਕੰਪਨੀ ਆਈਫੋਨ ਐਕਸ ਨੂੰ ਬੰਦ ਕਰਨ ਦਾ ਵੀ ਐਲਾਨ ਕਰ ਸਕਦੀ ਹੈ। 
ਆਈਫੋਨ ਐੱਸ.ਈ.2 ਦੀ ਇਸ ਕਥਿਤ ਵੀਡੀਓ 'ਚ ਇਹ ਚਾਲੂ ਹਾਲਤ 'ਚ ਦਿਸ ਰਿਹਾ ਹੈ ਅਤੇ ਇਸ ਨੂੰ ਇਸਤੇਮਾ ਕੀਤਾ ਜਾ ਰਿਹਾ ਹੈ। ਕੈਮਰਾ ਮਡਿਊਲ ਵੀ ਆਈਫੋਨ ਐਕਸ ਵਰਗਾ ਹੀ ਹੈ। ਹਾਲਾਂਕਿ ਕੰਪਨੀ ਵਲੋਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ। ਆਉਣ ਵਾਲੇ ਮਹੀਨੇ 'ਚ ਤਸਵੀਰਾਂ ਹੋਰ ਸਾਫ ਹੋਣ ਦੀ ਉਮੀਦ ਹੈ।