ਐਪਲ ਭਾਰਤ ’ਚ ਭੇਜੇਗੀ ਰਿਕਾਰਡ 6 ਲੱਖ iPhone 13

09/25/2021 1:19:25 PM

ਗੈਜੇਟ ਡੈਸਕ– ਦਿੱਗਜ ਤਕਨਾਲੋਜੀ ਕੰਪਨੀ ਐਪਲ ਨੂੰ ਤਿਉਹਾਰੀ ਸੀਜ਼ਨ ’ਚ ਭਾਰੀ ਵਿਕਰੀ ਦੀ ਉਮੀਦ ਹੈ, ਇਸ ਲਈ ਉਹ ਇਸ ਸਾਲ ਭਾਰਤ ’ਚ ਆਈਫੋਨ 13 ਮਾਡਲ ਦੇ 6 ਲੱਖ ਤੋਂ ਜ਼ਿਆਦਾ ਹੈਂਡਸੈੱਟ ਭੇਜੇਗੀ। ਕੰਪਨੀ ਦਾ ਇਹ ਨਵਾਂ ਸਮਾਰਟਫੋਨ ਸ਼ੁੱਕਰਵਾਰ ਤੋਂ ਭਾਰਤ ’ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਪਿਛਲੇ ਸਾਲ ਪੇਸ਼ ਕੀਤੀ ਗਈ ਆਈਫੋਨ 12 ਸੀਰੀਜ਼ ਦੇ ਮੁਕਾਬਲੇ ਆਈਫੋਨ 13 ਲਈ ਜ਼ਿਆਦਾ ਪ੍ਰੀ-ਬੁਕਿੰਗ ਮਿਲੀ ਹੈ। ਇਸ ਤੋਂ ਉਤਸ਼ਾਹਿਤ ਕੰਪਨੀ ਨੇ ਪਹਿਲਾਂ ਤੋਂ ਤੈਅ ਗਿਣਤੀ ਤੋਂ ਜ਼ਿਆਦਾ ਫੋਨ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ। 

ਵਿਸ਼ਲੇਸ਼ਣ ਕੰਪਨੀ ਸਾਈਬਰ ਮੀਡੀਆ ਰਿਸਰਚ (ਸੀ.ਐੱਮ.ਆਰ.) ਤੋਂ ਮਿਲੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਐਪਲ ਨੇ ਨਵੇਂ ਆਈਫੋਨ 12 ਮਾਡਲ ਪੇਸ਼ ਕਰਨ ਤੋਂ ਬਾਅਦ ਭਾਰਤ ’ਚ ਰਿਕਾਰਡ 5 ਲੱਖ ਫੋਨ ਭੇਜੇ ਸਨ। ਇਸ ਵਾਰ ਸ਼ੁਰੂਆਤ ’ਚ ਹੀ 20 ਫੀਸਦੀ ਜ਼ਿਆਦਾ ਹੈਂਡਸੈੱਟ ਭੇਜੇ ਜਾ ਰਹੇ ਹਨ। 

ਉਦਯੋਗ ਦੇ ਸੂਤਰਾਂ ਮੁਤਾਬਕ, ਐਪਲ ਕੋਲ ਲਗਾਤਾਰ ਪ੍ਰੀ-ਬੁਕਿੰਗ ਆਰਡਰ ਆ ਰਹੇ ਹਨ ਅਤੇ ਭਾਰਤੀ ਬਾਜ਼ਾਰ ’ਚ ਉਸ ਦਾ ਵਾਧਾ ਵੀ ਹਾਲ ਹੀ ’ਚ ਤੇਜ਼ ਹੋਇਆ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪਿਛਲੇ ਕੁਝ ਸਾਲਾਂ ਤੋਂ ਉਲਟ ਇਸ ਵਾਰ ਐਪਲ ਨੇ ਅਮਰੀਕਾ, ਬ੍ਰਿਟੇਨ, ਕੈਨੇਡਾ, ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਦੇ ਨਾਲ ਹੀ ਭਾਰਤ ’ਚ ਵੀ ਆਈਫੋਨ ਦੇ ਪ੍ਰੀ-ਆਰਡਰ ਸ਼ੁਰੂ ਕਰ ਦਿੱਤੇ ਸਨ। ਨਵੀਂ ਆਈਫੋਨ 13 ਸੀਰੀਜ਼ ਦੇ ਸਾਰੇ ਹੈਂਡਸੈੱਟ ਇਕੱਠੇ ਹੀ ਪੇਸ਼ ਕੀਤੇ ਗਏ ਹਨ। 

ਸੀ.ਐੱਮ.ਆਰ. ’ਚ ਇੰਡਸਟਰੀ ਇੰਟੈਲੀਜੈਂਸ ਗਰੁੱਪ ਦੇ ਮੁਖੀ ਪ੍ਰਭੂ ਰਾਮ ਨੇ ਕਿਹਾ ਕਿ ਸਾਡਾ ਮੁਲਾਂਕਣ ਦਰਸ਼ਾਉਂਦਾ ਹੈ ਕਿ ਭਾਰਤ ’ਚ ਆਈਫੋਨ 13 ਸੀਰੀਜ਼ ਜਲਦ ਉਪਲੱਬਧ ਕਰਾਉਣ ਨਾਲ ਐਪਲ ਨੂੰ ਅਹਿਮ ਤਿਉਹਾਰੀ ਸੀਜ਼ਨ ਤਕ ਆਪਣੇ ਵਾਧੇ ਦਾ ਰੁਝਾਣ ਬਣਾਈ ਰੱਖਣ ’ਚ ਮਦਦ ਮਿਲੇਗੀ। ਪ੍ਰੀ-ਆਰਡਰ ਦੀ ਗਿਣਤੀ ਵੇਖਦੇ ਹੋਏ ਲਗਦਾ ਹੈ ਕਿ ਐਪਲ ਇਸ ਸਾਲ ਭਾਰਤ ’ਚ ਹੁਣ ਤਕ ਦਾ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਜਾ ਰਹੀ ਹੈ। 

Rakesh

This news is Content Editor Rakesh