ਇੰਟੈੱਲ ਨਾਲ ਸੀਕ੍ਰੇਟ ਡੀਲ ਦੀ ਤਿਆਰੀ ’ਚ ਐਪਲ

04/29/2019 12:02:15 PM

ਖਰੀਦ ਸਕਦੀ ਹੈ 5ਜੀ ਮੌਡਮ ਚਿੱਪ ਬਿਜ਼ਨੈੱਸ
ਗੈਜੇਟ ਡੈਸਕ– ਅਮਰੀਕੀ ਚਿੱਪ ਨਿਰਮਾਤਾ ਕੰਪਨੀ ਇੰਟੈੱਲ ਨੇ ਆਪਣੇ ਮੌਡਮ ਚਿੱਪ ਬਿਜ਼ਨੈੱਸ ਤੋਂ ਬਾਹਰ ਆਉਣ ਦੀ ਤਿਆਰੀ ਕਰ ਲਈ ਹੈ। ‘ਦਿ ਵਾਲ ਸਟਰੀਟ ਜਨਰਲ’ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਇੰਟੈੱਲ ਨੇ ਪਿਛਲੇ ਹਫਤੇ 5ਜੀ ਮੌਡਮ ਚਿੱਪ ਕਾਰੋਬਾਰ ’ਚੋਂ ਬਾਹਰ ਆਉਣ ਦਾ ਫੈਸਲਾ ਕੀਤਾ ਹੈ ਅਤੇ ਹੋ ਸਕਦਾ ਹੈ ਕਿ ਇਹ ਬਿਜ਼ਨੈੱਸ ਐਪਲ ਨੂੰ ਵੇਚ ਦਿੱਤਾ ਜਾਵੇ। ਦੱਸ ਦੇਈਏ ਕਿ ਪਿਛਲੇ ਸਾਲ ਤੋਂ ਹੀ 5ਜੀ ਨੂੰ ਲੈ ਕੇ ਇੰਟੈੱਲ ਐਪਲ ਨਾਲ ਗੱਲਬਾਤ ਕਰ ਰਹੀ ਸੀ, ਜੋ ਕਈ ਮਹੀਨੇ ਜਾਰੀ ਰਹੀ। ਇੰਟੈੱਲ ਆਪਣਾ ਬਿਜ਼ਨੈੱਸ ਐਪਲ ਜਾਂ ਕਿਸੇ ਹੋਰ ਕੰਪਨੀ ਨੂੰ ਵੇਚਣ ’ਤੇ ਵਿਚਾਰ ਕਰ ਰਹੀ ਸੀ। ਇਸ ਬਿਜ਼ਨੈੱਸ ਬਾਰੇ ਕਈ ਕੰਪਨੀਆਂ ਨੇ ਦਿਲਚਸਪੀ ਤਕ ਜ਼ਾਹਿਰ ਕੀਤੀ ਸੀ। 

5ਜੀ ਕੰਪਿਊਟਰਾਂ ’ਤੇ ਕੰਮ ਕਰੇਗੀ ਇੰਟੈੱਲ
ਇੰਟੈੱਲ ਨੇ ਬਿਆਨ ’ਚ ਕਿਹਾ ਕਿ 5ਜੀ ਨੈੱਟਵਰਕ ਲਈ ਕੰਪਨੀ 4ਜੀ ਤੇ 5ਜੀ ਕੰਪਿਊਟਰਾਂ ’ਤੇ ਕੰਮ ਕਰੇਗੀ। ਇਸ ਦੇ ਨਾਲ ਹੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰ ਬੌਬ ਸਵਾਨ ਨੇ ਕਿਹਾ ਕਿ 5ਜੀ ਤਕਨੀਕ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਅਸੀਂ ਸਮਾਰਟਫੋਨ ਮੌਡਮ ਦਾ ਕਾਰੋਬਾਰ ਅੱਗੇ ਨਹੀਂ ਵਧਾਵਾਂਗੇ। 

ਕੀ ਹੈ 5ਜੀ?
5ਜੀ ਪੰਜਵੀਂ ਜਨਰੇਸ਼ਨ ਦੀ ਨਵੀਂ ਨੈੱਟਵਰਕ ਟੈਕਨਾਲੋਜੀ ਹੈ, ਜੋ ਮੌਜੂਦਾ 4ਜੀ ਤਕਨੀਕ ਤੋਂ 100 ਗੁਣਾ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀ ਹੈ। ਇਹ ਨੈੱਟਵਰਕ ਸਭ ਤੋਂ ਪਹਿਲਾਂ ਅਮਰੀਕਾ, ਚੀਨ ਤੇ ਦੱਖਣੀ ਕੋਰੀਆ ’ਚ ਲਿਆਂਦਾ ਜਾਵੇਗਾ ਪਰ ਇਹ ਤਕਨੀਕ ਪੂਰੀ ਤਰ੍ਹਾਂ 2020 ਤਕ ਮੁਹੱਈਆ ਹੋ ਸਕੇਗੀ।

ਇਹ ਕੰਪਨੀਆਂ ਕਰ ਰਹੀਆਂ ਹਨ 5ਜੀ ਤਕਨੀਕ ’ਤੇ ਕੰਮ
ਇੰਟੈੱਲ ਦੇ 5ਜੀ ਮੌਡਮ ਬਿਜ਼ਨੈੱਸ ’ਚੋਂ ਬਾਹਰ ਆ ਜਾਣ ਦੇ ਫੈਸਲੇ ਤੋਂ ਬਾਅਦ ਵੀ ਅਜਿਹੀਆਂ ਕਈ ਕੰਪਨੀਆਂ ਹਨ, ਜੋ 5ਜੀ ਮੌਡਮ ਚਿੱਪਸ ’ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ’ਚ ਕੁਆਲਕੋਮ, ਮੀਡੀਆਟੈੱਕ, ਹੁਵਾਵੇਈ ਟੈਕਨਾਲੋਜੀਜ਼, ਸੈਮਸੰਗ ਇਲੈਕਟ੍ਰੋਨਿਕਸ ਆਦਿ ਸ਼ਾਮਲ ਹਨ। 

ਆਖਿਰ 5ਜੀ ਬਾਰੇ ਸਭ ਤੋਂ ਜ਼ਿਆਦਾ ਕਿਉਂ ਸੋਚ ਰਹੀ ਹੈ ਐਪਲ?
ਸਮਾਰਟਫੋਨ ਬਾਜ਼ਾਰ ’ਚ ਐਪਲ ਦੀਆਂ ਕਈ ਮੁਕਾਬਲੇਬਾਜ਼ ਕੰਪਨੀਆਂ ਮੌਜੂਦ ਹਨ, ਜਿਨ੍ਹਾਂ ’ਚ ਸੈਮਸੰਗ ਵੀ ਸ਼ਾਮਲ ਹੈ। ਇਹ ਕੰਪਨੀਆਂ ਇਸ ਸਾਲ 5ਜੀ ਡਿਵਾਈਸਿਜ਼ ਲਾਂਚ ਕਰਨ ਵਾਲੀਆਂ ਹਨ। ਹੁਣ ਐਪਲ ’ਤੇ ਪ੍ਰੈਸ਼ਰ ਵਧ ਰਿਹਾ ਹੈ। ਇਸੇ ਕਾਰਨ ਐਪਲ 5ਜੀ ਆਈਫੋਨ ਲਈ ਇਸ ਤਕਨੀਕ ’ਚ ਨਿਵੇਸ਼ ਕਰਨਾ ਚਾਹੁੰਦੀ ਹੈ।