Facebook ਦੀ ਕਮੀ ਦਾ ਪਤਾ ਲਗਾ ਕੇ ਇਨਾਮ ਪਾਉਣ ’ਚ ਭਾਰਤੀ ਅਵੱਲ

09/06/2019 10:54:48 AM

ਗੈਜੇਟ ਡੈਸਕ– ਫੇਸਬੁੱਕ ਆਪਣੇ ਸਭ ਤੋਂ ਵੱਡੇ ਯੂਜ਼ਰ ਬੇਸ ਭਾਰਤ ’ਚ ਸਾਈਬਰ ਸਕਿਓਰਿਟੀ ਰਿਸਰਚਰਾਂ ਨੂੰ ਡਾਟਾ ਚੋਰੀ ਅਤੇ ਸੰਬੰਧਿਤ ਖਤਰਿਆਂ ਦਾ ਪਤਾ ਲਗਾਉਣ ਲਈ ਮੋਟੀ ਰਕਮ ਦੇ ਰਹੀ ਹੈ। ਇਸ ਵੱਡੀ ਸੋਸ਼ਲ ਮੀਡੀਆ ਕੰਪਨੀ ਮੁਤਾਬਕ, ਉਸ ਨੇ 2018 ’ਚ 100 ਤੋਂ ਜ਼ਿਆਦਾ ਦੇਸ਼ਾਂ ਦੇ ਸਕਿਓਰਿਟੀ ਰਿਸਰਚਰਾਂ ਨੂੰ 11 ਲੱਖ ਡਾਲਰ ਤੋਂ ਜ਼ਿਆਦਾ ਦਾ ਇਨਾਮ ਦਿੱਤਾ ਸੀ। ਇਸ ਨਾਲ ਰਿਸਰਚਰਾਂ ਦਾ ਹੁਣ ਤਕ ਦਾ ਕੁਲ ਪੇਅ-ਆਊਟ 75 ਲੱਖ ਡਾਲਰ ਤੋਂ ਉਪਰ ਚਲਾ ਗਿਆ। ਫੇਸਬੁੱਕ ਨੇ ਆਪਣੇ ਪੇਅ-ਆਊਟ ਪ੍ਰੋਗਰਾਮ ਬਗ ਬਾਊਂਟੀ ਸਕੀਮ ਦੀ ਸ਼ੁਰੂਆਤ 2011 ’ਚ ਕੀਤੀ ਸੀ। ਪੇਅ-ਆਊਟ ਪਾਉਣ ਦੇ ਮਾਮਲੇ ’ਚ ਭਾਰਤ, ਅਮਰੀਕਾ ਅਤੇ ਕ੍ਰੋਏਸ਼ੀਆ ਟਾਪ ਤਿੰਨ ਦੇਸ਼ ਹਨ। 

41.9 ਕਰੋੜ ਯੂਜ਼ਰਜ਼ ਦਾ ਡਾਟਾ ਹੋ ਰਿਹਾ ਸੀ ਚੋਰੀ
ਵੀਰਵਾਰ ਨੂੰ ਅਮਰੀਕੀ ਆਨਲਾਈਨ ਪਬਲੀਸ਼ਰ ਟੈੱਕ ਕਰੰਚ ਨੇ ਕਰੋੜਾਂ ਯੂਜ਼ਰਜ਼ ਦੇ ਫੋਨ ਨੰਬਰ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਸੀ।ਇਕ ਸਰਵਰ ਜ਼ਰੀਏ 41.9 ਕਰੋੜ ਯੂਜ਼ਰਜ਼ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਸੀ। ਟੈੱਕ ਕਰੰਚ ਨੂੰ ਇਸ ਦੀ ਜਾਣਕਾਰੀ ਉਦੈਪੁਰ ਦੇ ਸਕਿਓਰਿਟੀ ਰਿਸਰਚਰ ਸੰਯਮ ਜੈਨ ਨੇ ਦਿੱਤੀ, ਜੋ ਨੀਦਰਲੈਂਡ ਦੀ ਨਾਨ-ਪ੍ਰਾਫਿਟ GDI ਫਾਊਂਡੇਸ਼ਨ ਦੇ ਮੈਂਬਰ ਹਨ। ਹਾਲਾਂਕਿ, ਜੈਨ ਨੇ ਇਹ ਕੰਮ ਬਗ ਬਾਊਂਟੀ ਪ੍ਰੋਗਰਾਮ ਤਹਿਤ ਨਹੀਂ ਕੀਤਾ ਸੀ। 

ਭਾਰਤ ਦੀ ਆਪਣੀ ਬਗ ਬਾਊਂਟੀ ਕਮਿਊਨਿਟੀ ਮਹੱਤਵਪੂਰਨ
ਫੇਸਬੁੱਕ ਦੇ ਸਕਿਓਰਿਟੀ ਇੰਜੀਨੀਅਰਿੰਗ ਮੈਨੇਜਰ ਡੈਨ ਗਾਰਫਿੰਕਲ ਨੇ ਦੱਸਿਆ ਕਿ ਜਦੋਂ ਤੋਂ ਕੰਪਨੀ ਨੇ ਬਗ ਬਾਊਂਟੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਭਾਰਤ ਬਾਊਂਟੀ ਪੇਅ-ਆਊਟ ਅਤੇ ਬਗ ਰਿਪੋਰਟ ਦੀ ਕੁਆਲਿਟੀ ’ਚ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਆਪਣੀ ਬਗ ਬਾਊਂਟੀ ਕਮਿਊਨਿਟੀ ਨੂੰ ਮਹੱਤਵਪੂਰਨ ਮਨਦੇ ਹਾਂ। ਉਹ ਸਾਡੇ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਲੋਕਾਂ ਦੀ ਸੁਰੱਖਿਆ ਲਈ ਲਗਾਤਾਰ ਸਾਡੀ ਮਦਦ ਕਰਦੇ ਹਨ। 

ਪੁਲਸ ਦੇ ਸੋਸ਼ਲ ਮੀਡੀਆ ਅਤੇ ਸਾਈਬਰ ਕ੍ਰਾਈਮ ਵਿਭਾਗਾਂ ਨੂੰ ਟ੍ਰੇਨਿੰਗ ਦੇਣ ਵਾਲੇ ਗੌਤਮ ਕੁਮਾਵਤ ਨੂੰ ਫੇਸਬੁੱਕ ਦੇ ਪ੍ਰੋਗਰਾਮ ਤਹਿਤ ਇਨਾਮ ਮਿਲ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਬਗ ਬਾਊਂਟੀ ਕਮਿਊਨਿਟੀ ਨੇ ਦੇਸ਼ ’ਚ ਸੋਸ਼ਲ ਮੀਡੀਆ ਪਲੇਟਫਾਰਮ ਦੀ ਲੋਕਪ੍ਰਿਅਤਾ ਨੂੰ ਧਿਆਨ ’ਚ ਰੱਖਦੇ ਹੋਏ ਕਾਫੀ ਗ੍ਰੋਥ ਕੀਤੀ ਹੈ। 


Related News