Huawei P Smart (2019) ਲਾਂਚ, ਜਾਣੋ ਕੀਮਤ ਤੇ ਖੂਬੀਆਂ

12/30/2018 3:43:08 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਆਪਣੀ ਪੀ-ਸੀਰੀਜ਼ ਤਹਿਤ ਇਕ ਨਵਾਂ ਸਮਾਰਟਫੋਨ ਹੁਵਾਵੇਈ ਪੀ ਸਮਾਰਟ (2019) ਲਾਂਚ ਕੀਤਾ ਹੈ। ਇਸ ਨਵੇਂ ਸਮਾਰਟਫੋਨ ਨੂੰ ਯੂਰਪੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਵਾਟਰ ਡ੍ਰਾਪ ਨੌਚ ਸਕਰੀਨ ਅਤੇ ਡਿਊਲ ਰੀਅਰ ਕੈਮਰਾ ਹੈ। ਜਿਵੇਂ ਕਿ ਨਾਂ ਤੋਂ ਹੀ ਸਮਝਿਆ ਜਾ ਸਕਦਾ ਹੈ ਕਿ ਹੁਵਾਵੇਈ ਪੀ ਸਮਾਰਟ 2019 ਕੰਪਨੀ ਦੇ ਪੁਰਾਣੇ ਪੀ ਸਮਾਰਟ (2018) ਦਾ ਹੀ ਅਪਗ੍ਰੇਡਿਡ ਵਰਜਨ ਹੈ। ਹਾਲ ਹੀ ’ਚ ਹੁਵਾਵੇਈ ਪੀ ਸਮਾਰਟ (2019) ਨੂੰ ਯੂ.ਐੱਸ. ਸਰਟੀਫਿਕੇਸ਼ਨ ਵੈੱਬਸਾਈਟ ਐੱਫ.ਸੀ.ਸੀ. ’ਤੇ ਵੀ ਦੇਖਿਆ ਗਿਆ ਸੀ। ਪੀ ਸਮਾਰਟ (2019) ਦੇ ਲਗਭਗ ਸਾਰੇ ਫੀਚਰਜ਼ ਅਤੇ ਡਿਜ਼ਾਈਨ ਫਰਮ ਦੇ ਆਨਰ 10 ਲਾਈਟ ਨਾਲ ਮਿਲਦੇ ਜੁਲਦੇ ਹਨ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਯੂਰਪੀ ਬਾਜ਼ਾਰ ’ਚ 240 ਯੂਰੋ (ਕਰੀਬ 20,000 ਰੁਪਏ) ਰੱਖੀ ਹੈ। ਇਸ ਦੀ ਵਿਕਰੀ 2 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। 

ਫੀਚਰਜ਼
ਹੁਵਾਵੇਈ ਪੀ ਸਮਾਰਟ (2019) ’ਚ 6.21 ਇੰਚ ਦੀ ਫੁੱਲ-ਐੱਚ.ਡੀ.+ (1080x2340 ਪਿਕਸਲ ਰੈਜ਼ੋਲਿਊਸ਼) ਡਿਸਪਲੇਅ ਹੈ। ਗਾਹਕਾਂ ਨੂੰ ਇਥੇ ਡਿਸਪਲੇਅ ’ਚ ਵਾਟਰ ਡ੍ਰੋਪ ਨੌਚ ਵੀ ਮਿਲੇਗਾ। ਫੋਨ ’ਚ 4 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਹਨ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਸਮਾਰਟਫੋਨ ਦੀ ਬੈਟਰੀ 3,400mAh ਦੀ ਹੈ। ਗਾਹਕਾਂ ਨੂੰ ਸਮਾਰਟਫੋਨ ਬਲੈਕ ਅਤੇ ਅਰੋਰਾ ਬਲਿਊ ਗ੍ਰੇਡੀਐਂਟ ਕਲਰ ’ਚ ਮਿਲੇਗਾ।