ਹੁਵਾਵੇਈ ਨੇ ਉਡਾਇਆ ਸੈਮਸੰਗ ਦਾ ਮਜ਼ਾਕ, ਕਿਹਾ—ਸਾਡੇ ਸਮਾਰਟਫੋਨ ਡਿਜ਼ਾਈਨਾਂ ਦੀ ਨਕਲ ਕਰ ਰਹੀ ਹੈ ਕੰਪਨੀ

09/09/2019 11:18:58 AM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀਆਂ ਡਿਜ਼ਾਈਨ ਅਤੇ ਫੀਚਰਜ਼ ਨੂੰ ਲੈ ਕੇ ਇਕ-ਦੂਜੇ ਦੀ ਖਿਚਾਈ ਕਰਨ ਦਾ ਕੋਈ ਮੌਕਾ ਨਹੀਂ ਛੱਡਦੀਆਂ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਸੈਮਸੰਗ ਦਾ ਮਜ਼ਾਕ ਉਡਾਉਂਦਿਆਂ ਕਿਹਾ ਹੈ ਕਿ ਉਹ ਆਪਣੇ ਲੇਟੈਸਟ ਫੋਨ ਵਿਚ ਹੁਵਾਵੇਈ ਦੇ ਪੁਰਾਣੇ ਫੋਨ ਦਾ ਡਿਜ਼ਾਈਨ ਦੇ ਰਹੀ ਹੈ। ਹੁਵਾਵੇਈ ਦਾ ਕਹਿਣਾ ਹੈ ਕਿ ਸੈਮਸੰਗ ਨੇ ਆਪਣੇ ਗਲੈਕਸੀ ਨੋਟ 10 ਦਾ ਡਿਜ਼ਾਈਨ ਹੁਵਾਵੇਈ ਦੇ ਪੁਰਾਣੇ P30 ਸਮਾਰਟਫੋਨ ਦੀ ਨਕਲ ਕਰ ਕੇ ਤਿਆਰ ਕੀਤਾ ਹੈ।

ਪੂਰੀ ਤਰ੍ਹਾਂ ਨਕਲ ਕੀਤੀ ਗਈ ਹੈ ਕੈਮਰਾ ਡਿਜ਼ਾਈਨ ਦੀ
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਯੂ ਨੇ ਪੁਰਾਣੇ ਪੀ30 ਸਮਾਰਟਫੋਨ ਦੀ ਲੁੱਕ ਦੀ ਤੁਲਨਾ ਸੈਮਸੰਗ ਗਲੈਕਸੀ ਨੋਟ 10 ਨਾਲ ਕਰਦਿਆਂ ਇਸ ਨੂੰ ਐਨੀਮੇਟਿਡ ਸਲਾਈਡ ਰਾਹੀਂ ਦਿਖਾਇਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸੈਮਸੰਗ ਨੇ ਪਹਿਲਾਂ ਹੁਵਾਵੇਈ ਦੇ ਵਰਟੀਕਲ ਕੈਮਰਾ ਸੈੱਟਅਪ ਦੇ ਡਿਜ਼ਾਈਨ ਦੀ ਨਕਲ ਕੀਤੀ, ਜਿਸ ਨੂੰ ਗਲੈਕਸੀ ਨੋਟ 10 ਵਿਚ ਮੁਹੱਈਆ ਕਰਵਾਇਆ ਗਿਆ।

ਇਕੋ ਜਿਹੇ ਦਿੱਤੇ ਗਏ ਕਲਰ ਵੇਰੀਐਂਟਸ
ਰਿਚਰਡ ਯੂ ਨੇ ਦੂਜੀ ਸਲਾਈਡ ਵਿਚ ਦੱਸਿਆ ਕਿ ਹੁਵਾਵੇਈ ਪੀ30 ਦਾ ਬ੍ਰੀਦਿੰਗ ਕ੍ਰਿਸਟਲ ਕਲੀਅਰ ਕਲਰ ਵੇਰੀਐਂਟ ਸੈਮਸੰਗ ਗਲੈਕਸੀ ਨੋਟ 10 ਦੇ ਆਰਾ ਗਲੋਅ ਕਲਰ ਵੇਰੀਐਂਟ ਵਰਗਾ ਹੀ ਲੱਗਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹੁਵਾਵੇਈ ਪੀ30 ਨੂੰ ਇਸੇ ਸਾਲ ਮਾਰਚ ਵਿਚ ਲਾਂਚ ਕੀਤਾ ਗਿਆ ਸੀ, ਜਦਕਿ ਸੈਮਸੰਗ ਗਲੈਕਸੀ ਨੋਟ 10 ਨੂੰ ਪਿਛਲੇ ਮਹੀਨੇ ਭਾਵ ਅਗਸਤ ਵਿਚ ਹੀ ਲਿਆਂਦਾ ਗਿਆ ਹੈ।

ਐਪਲ ਆਈਫੋਨ ਨੂੰ ਵੀ ਨਹੀਂ ਛੱਡਿਆ
ਇਸ ਤੋਂ ਇਲਾਵਾ ਉਨ੍ਹਾਂ ਹੁਵਾਵੇਈ ਪੀ30 ਦੀ ਕੈਮਰਾ ਕੁਆਲਿਟੀ ਦੀ ਤੁਲਨਾ ਆਈਫੋਨ XS Max ਅਤੇ ਸੈਮਸੰਗ ਗਲੈਕਸੀ ਨੋਟ 10 ਨਾਲ ਕੀਤੀ ਹੈ। ਇਸ ਦੌਰਾਨ ਪੀ30 ਪ੍ਰੋ ਦੇ ਕੈਮਰੇ ਦੀ ਨਾਈਟ ਸ਼ਾਟ ਪ੍ਰਫਾਰਮੈਂਸ, ਕੈਮਰਾ ਜ਼ੂਮਿੰਗ ਕੈਪੇਬਿਲਿਟੀ ਅਤੇ ਲੌਂਗ ਐਕਸਪੋਜ਼ਰ ਨੂੰ ਸੈਮਸੰਗ ਦੇ ਸਮਾਰਟਫੋਨ ਅਤੇ ਇੱਥੋਂ ਤਕ ਕਿ ਆਈਫੋਨ ਨਾਲੋਂ ਵੀ ਬਿਹਤਰ ਦੱਸਿਆ ਗਿਆ ਹੈ।

ਇਸ ਤੋਂ ਪਹਿਲਾਂ ਸ਼ਾਓਮੀ ਨੇ ਉਡਾਇਆ ਸੀ ਵਨਪਲੱਸ ਦਾ ਮਜ਼ਾਕ
ਕੁਝ ਮਹੀਨੇ ਪਹਿਲਾਂ ਹੀ ਸ਼ਾਓਮੀ ਨੇ ਵਨਪਲੱਸ ਦਾ ਇਹ ਕਹਿ ਕੇ ਮਜ਼ਾਕ ਉਡਾਇਆ ਸੀ ਕਿ ਹੁਣ ਉਨ੍ਹਾਂ ਦਾ ਸਮਾਰਟਫੋਨ OnePlus 7 Pro ਦੁਨੀਆ ਦਾ ਸਭ ਤੋਂ ਪਾਵਰਫੁੱਲ ਫੋਨ ਨਹੀਂ ਰਿਹਾ। ਇਹ ਗੱਲ ਰੈੱਡਮੀ K20 Pro ਨੂੰ ਲਾਂਚ ਕਰਨ ਤੋਂ ਪਹਿਲਾਂ ਕਹੀ ਗਈ ਸੀ।