Huawei ਤਿਆਰ ਕਰ ਰਹੀ ਹੈ ਖੁਦ ਦਾ ਮੈਪਿੰਗ ਐਪ, ਗੂਗਲ ਮੈਪਸ ਨੂੰ ਮਿਲੇਗੀ ਟੱਕਰ

08/16/2019 6:07:20 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਅਤੇ ਦੁਨੀਆ ਦੀ ਦੂਜੀ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਆਪਣਾ ਆਪਰੇਟਿੰਗ ਸਿਸਟਮ ਹਾਰਮੋਨੀ ਓ.ਐੱਸ. ਲਾਂਚ ਕਰਨ ਤੋਂ ਬਾਅਦ ਆਪਣਾ ਮੈਪ ਵੀ ਤਿਆਰ ਕਰ ਰਹੀ ਹੈ। ਹੁਵਾਵੇਈ ਦੇ ਮੈਪ ਦਾ ਨਾਂ Map Kit ਹੋਵੇਗਾ ਜਿਸ ਦਾ ਸਿੱਧਾ ਮੁਕਾਬਲਾ ਗੂਗਲ ਦੇ ਮੈਪਸ ਨਾਲ ਹੋਵੇਗਾ। 

ਚਾਈਨਾ ਡੇਲੀ ਦੀ ਰਿਪੋਰਟ ਮੁਤਾਬਕ, ਹੁਵਾਵੇਈ ਆਪਣੇ ਮੈਪ ਕਿਟ ’ਤੇ ਬੜੇ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ। ਹੁਵਾਵੇਈ ਮੈਪਸ ਦੀ ਸਰਵਿਸ 150 ਦਿਨਾਂ ’ਚ ਲਾਂਚ ਕੀਤੀ ਜਾਵੇਗੀ। ਹੁਵਾਵੇਈ ਮੈਪਸ ਕਿਟ ’ਚ ਲੋਕਲ ਮੈਪਿੰਗ ਵੀ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ ਦੁਨੀਆ ਭਰ ਦੀਆਂ ਕਰੀਬ 40 ਭਾਸ਼ਾਵਾਂ ਦਾ ਸਪੋਰਟ ਮਿਲੇਗਾ। ਹੁਵਾਵੇਈ ਮੈਪ ਕਿਟ ’ਚ ਰੀਅਲ ਟਾਈਮ ਟ੍ਰੈਫਿਕ ਦੀ ਜਾਣਕਾਰੀ ਅਤੇ ਆਗੁਮੈਂਟ ਰਿਆਲਿਟੀ ਦਾ ਵੀ ਸਪੋਰਟ ਮਿਲੇਗਾ। 

ਹੁਵਾਵੇਈ ਨੇ ਆਪਣੇ ਮੈਪ ਲਈ ਰੂਸ ਦੀ ਗੂਗਲ ਕਹੀ ਜਾਣ ਵਾਲੀ ਕੰਪਨੀ Yandex ਦੇ ਨਾਲ ਸਾਂਝੇਦਾਰੀ ਕੀਤੀ ਹੈ। ਯਾਂਡੈਕਸ ਤੋਂ ਇਲਾਵਾ ਹੁਵਾਵੇਈ ਨੇ Booking.com ਦੇ ਨਾਲ ਵੀ ਸਾਂਝੇਦਾਰੀ ਕੀਤੀ ਹੈ। ਦੱਸ ਦੇਈਏ ਕਿ ਹੁਵਾਵੇਈ ਨੇ ਕੁਝ ਦਿਨ ਪਹਿਲਾਂ ਹੀ ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ਦੀ ਟੱਕਰ ’ਚ ਆਪਣਾ ਆਪਰੇਟਿੰਗ ਸਿਸਟਮ ਪੇਸ਼ ਕੀਤਾ ਹੈ ਜਿਸ ਦਾ ਇਸਤੇਮਾਲ ਮੋਬਾਇਲ, ਲੈਪਟਾਪ, ਸਮਾਰਟਵਾਚ ਅਤੇ ਟੈਲੀਵਿਜ਼ਨ ’ਚ ਹੋਵੇਗਾ। 

ਜ਼ਿਕਰਯੋਗ ਹੈ ਕਿ ਇਸੇ ਸਾਲ ਮਈ ’ਚ ਅਮਰੀਕਾ ਨੇ ਹੁਵਾਵੇਈ ਨੂੰ ਅਮਰੀਕੀ ਐਨਟਿਟੀ ਲਿਸਟ ’ਚ ਪਾਇਆ ਸੀ ਜਿਸ ਤੋਂ ਬਾਅਦ ਹੁਵਾਵੇਈ ਕਿਸੇ ਵੀ ਅਮਰੀਕੀ ਕੰਪਨੀ ਦੇ ਨਾਲ ਕਾਰੋਬਾਰ ਨਹੀਂ ਕਰ ਸਕਦੀ ਸੀ, ਹਾਲਾਂਕਿ ਬਾਅਦ ’ਚ ਹੁਵਾਵੇਈ ’ਤੇ ਲੱਗੀ ਰੋਕ ਨੂੰ ਹਟਾ ਦਿੱਤਾ। ਹੁਵਾਵੇਈ ’ਤੇ ਆਪਣੀ ਡਿਵਾਈਸ ਰਾਹੀਂ ਅਮਰੀਕੀ ਨਾਗਰਿਕਾਂ ਦੀ ਜਸੂਸੀ ਦਾ ਦੋਸ਼ ਲੱਗਾ ਸੀ।