ਸੋਸ਼ਲ ਇੰਜੀਨੀਅਰਿੰਗ ਹੈਕਿੰਗ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਅਲਰਟ

07/22/2019 12:54:46 PM

ਗੈਜੇਟ ਡੈਸਕ– ਸੋਸ਼ਲ ਇੰਜੀਨੀਅਰਿੰਗ ਸਾਈਬਰ ਅਟੈਕ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਵਿਸਤਾਰ ਨਾਲ ਦੱਸਿਆ ਹੈ ਕਿ ਅਧਿਕਾਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਗ੍ਰਹਿ ਮੰਤਰਾਲੇ ਨੇ ਇਕ ਆਦੇਸ਼ ’ਚ ਕਿਹਾ ਹੈ ਕਿ ਸਰਕਾਰ ਦੀਆਂ ਗੁੱਪਤ ਜਾਣਕਾਰੀਆਂ ਪ੍ਰਾਪਤ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਸੋਸ਼ਲ ਇੰਜੀਨੀਅਰਿੰਗ ਅਟੈਕ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਇਸੇ ਲਈ ਅਧਿਕਾਰੀਆਂ ਨੂੰ ਬੇਹੱਦ ਹੀ ਅਲਰਟ ਰਹਿਣ ਦੀ ਲੋੜ ਹੈ। 

ਅਧਿਕਾਰੀ ਨਾ ਚੁੱਕਣ ਅਣਜਾਣ ਫੋਨ ਕਾਲਸ ਤੇ ਈ-ਮੇਲਸ
ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਗ੍ਰਹਿ ਮੰਤਰਾਲੇ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਅਣਜਾਣ ਫੋਨ ਕਾਲਸ, ਈ-ਮੇਲ ਅਤੇ ਮੈਸੇਜ ਤੋਂ ਦੂਰ ਰਹਿਣ। ਇਸ ਤੋਂ ਇਲਾਵਾ ਬਿਨਾਂ ਚੈੱਕ ਕੀਤੇ ਕਿਸੇ ਵੀ ਈ-ਮੇਲ ਨੂੰ ਓਪਨ ਨਾ ਕਰਨ ਅਤੇ ਮੈਸੇਜ ਦੇ ਰੂਪ ’ਚ ਆਏ ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰਨ। ਮੰਤਰਾਲੇ ਨੇ ਇਸ ਦੌਰਾਨ ਇਕ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਇਸ ਨਾਲ ਜੁੜੀਆਂ ਸਾਰੀਆਂ ਗੱਲਾਂ ਨੂੰ ਲੈ ਕੇ ਖੁਲ੍ਹ ਕੇ ਜਾਣਕਾਰੀ ਦਿੱਤੀ ਗਈ ਹੈ। 

ਈ-ਮੇਲ ਰਾਹੀਂ ਬਣਾਇਆ ਜਾ ਸਕਦੈ ਸ਼ਿਕਾਰ
ਗ੍ਰਹਿ ਮੰਤਰਾਲੇ ਨੇ ਅਲਰਟ ਕਰਦੇ ਹੋਏ ਕਿਹਾ ਹੈ ਕਿ ਹੈਕਰ ਈ-ਮੇਲ ਜਾਂ ਟੈਕਸਟ ਮੈਸੇਜ ਭੇਜ ਕੇ ਸਰਕਾਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਹੈਕਰ ਫੋਨ ’ਤੇ ਬੈਂਕ ਦੇ ਨਾਂ ਨਾਲ ਜਾਂ ਕਿਸੇ ਜਾਣ-ਪਛਾਣ ਵਾਲੇ ਸ਼ਖਸ ਦੇ ਨਾਂ ਨਾਲ ਹੈਕਿੰਗ ਅਟੈਕ ਨੂੰ ਅੰਜ਼ਾਮ ਦੇ ਸਕਦੇ ਹਨ। 
- ਇਸ ਤੋਂ ਇਲਾਵਾ ਤੁਹਾਨੂੰ ਇਕ ਲਿੰਕ ਭੇਜ ਕੇ ਫਰਜ਼ੀ ਵੈੱਬਸਾਈਟ ’ਤੇ ਲੈ ਜਾ ਕੇ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਪੁੱਛੀ ਜਾ ਸਕਦੀ ਹੈ। ਇਸੇ ਲਈ ਸਰਕਾਰੀ ਅਧਿਕਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।