ਆ ਰਹੀ ਹਾਰਲੇ ਡੇਵਿਡਸਨ ਦੀ ਪਹਿਲੀ ਇਲੈਕਟ੍ਰਿਕ ਬਾਈਕ

08/23/2019 4:33:08 PM

ਆਟੋ ਡੈਸਕ– ਹਾਰਲੇ ਡੇਵਿਡਸਨ ਆਪਣੀ ਪਹਿਲੀ ਇਲੈਕਟ੍ਰਿਕ ਮੋਟਰਸਾਈਕਲ LiveWire ਨੂੰ ਭਾਰਤ ’ਚ 27 ਅਗਸਤ ਨੂੰ ਪੇਸ਼ ਕਰੇਗੀ। ਉਮੀਦ ਹੈ ਕਿ ਇਸ ਦੌਰਾਨ ਕੰਪਨੀ ਇਸ ਦੇ ਅਧਿਕਾਰਤ ਲਾਂਚ ਦੀ ਡਿਟੇਲ ਸ਼ੇਅਰ ਕਰੇਗੀ। Harley-Davidson LiveWire ਦੇ ਪ੍ਰਾਜੈਕਟਰ ਨੂੰ ਸਾਲ 2014 ’ਚ ਪੇਸ਼ ਕੀਤਾ ਗਿਆ ਸੀ। ਪਰ ਇਸ ਦਾ ਪ੍ਰੋਡਕਸ਼ਨ-ਰੈਡੀ ਵਰਜ਼ਨ (ਬਾਜ਼ਾਰ ’ਚ ਉਤਾਰੀ ਜਾਣ ਵਾਲੀ ਬਾਈਕ) ਕਰੀਬ 4 ਸਾਲ ਬਾਅਦ ਸਤੰਬਰ 2018 ’ਚ ਆ ਸਕਿਆ। 

ਹਾਰਲੇ ਡੇਵਿਡਸਨ ਨੇ ਇਸ ਸਾਲ ਦੀ ਸ਼ੁਰੂਆਤ ’ਚ ਲਾਈਵਵਾਇਰ ਦੀ ਅਮਰੀਕਾ ’ਚ ਕੀਮਤ ਅਤੇ ਪ੍ਰੀ-ਆਰਡਰ ਦਾ ਐਲਾਨ ਕੀਤਾ ਸੀ। ਅਮਰੀਕੀ ਬਾਜ਼ਾਰ ’ਚ ਇਸ ਦੀ ਕੀਮਤ 29,799 ਡਾਲਰ (ਕਰੀਬ 21 ਲੱਖ ਰੁਪਏ) ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ ’ਚ ਇਸ ਦੀ ਕੀਮਤ 32 ਤੋਂ 35 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਕੀਮਤ ਦੇ ਹਿਸਾਬ ਨਾਲ ਕਾਫੀ ਮਹਿੰਗੀ ਇਲੈਕਟ੍ਰਿਕ ਬਾਈਕ ਹੈ ਪਰ ਕੰਪਨੀ ਨੂੰ ਉਮੀਦ ਹੈ ਕਿ ਖਾਸ ਖੂਬੀਆਂ ਦੇ ਚੱਲਦੇ ਇਸ ਦੀ ਵਿਕਰੀ ਵੱਡੀ ਗਿਣਤੀ ’ਚ ਹੋਵੇਗੀ। 

ਪਾਵਰ
ਲਾਈਵਵਾਇਰ ’ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 105 ਐੱਚ.ਪੀ. ਦੀ ਪਾਵਰ ਅਤੇ 116 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਸਿਰਫ 3 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਹਾਰਲੇ ਡੇਵਿਡਸਨ ਨੇ ਇਸ ਇਲੈਕਟ੍ਰਿਕ ਬਾਈਕ ਨੂੰ ਰਿਚਾਰਜੇਬਲ ਐਨਰਜੀ ਸਟੋਰੇਜ ਸਿਸਟਮ (RESS) ਨਾਲ ਲੈਸ ਕੀਤਾ ਹੈ।

ਚਾਰਜਿੰਗ ਸਮਾਂ ਤੇ ਰੇਂਜ
ਲਾਈਵਵਾਇਰ ਇਲੈਕਟ੍ਰਿਕ ਬਾਈਕ ਨੂੰ ਆਮ ਏਸੀ ਵਾਲ ਸਾਕੇਟ ਨਾਲ ਫੁਲ ਚਾਰਜ ਕਰਨ ’ਚ 12.5 ਘੰਟੇ ਦਾ ਸਮਾਂ ਲੱਗੇਗਾ। ਕੰਪਨੀ ਦਾ ਦਾਅਵਾ ਹੈ ਕਿ DC ਫਾਸਟ-ਚਾਰਜਰ ਨਾਲ ਇਹ ਬਾਈਕ 1 ਘੰਟੇ ’ਚ ਫੁਲ ਚਾਰਜ ਹੋ ਜਾਵੇਗੀ। ਫੁਲ ਚਾਰਜ ’ਤੇ ਲਾਈਵਵਾਇਰ ਬਾਈਕ ਸਿਟੀ ’ਚ 235 ਕਿਲੋਮੀਟਰ ਅਤੇ ਹਾਈਵੇਅ ’ਤੇ 113 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। 

ਫੀਚਰਜ਼
ਹਾਰਲੇ ਡੇਵਿਡਸਨ ਲਾਈਵਵਾਇਰ ’ਚ ਪੂਰੀ ਤਰ੍ਹਾਂ ਅਜਸਟ ਹੋਣ ਵਾਲੇ ਸਸਪੈਂਸ਼ਨ ਅਤੇ ਕੁਝ ਬਿਹਤਰੀਨ ਹਾਰਡਵੇਅਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ 4.3 ਇੰਚ ਦੀ ਟੀ.ਐੱਫ.ਟੀ. ਡਿਸਪਲੇਅ, ਏ.ਬੀ.ਐੱਸ. ਅਤੇ ਟ੍ਰੈਕਸ਼ਨ-ਕੰਟਰੋਲ ਸਿਸਟਮ ਵਰਗੇ ਫੀਚਰਜ਼ ਹਨ। ਬਾਈਕ ’ਚ 7 ਰਾਈਡਿੰਗ ਮੋਡਸ ਹਨ, ਜਿਨ੍ਹਾਂ ’ਚ ਸਪੋਰਟ, ਰੋਡ, ਰੇਨ, ਰੇਂਜ ਅਤੇ ਤਿੰਨ ਕਸਟਮ ਮੋਡਸ ਸ਼ਾਮਲ ਹਨ।