ਸਾਵਧਾਨ! ਹੁਣ ਕੋਰੀਅਰ ਕੰਪਨੀਆਂ ਦੇ ਨਾਂ ’ਤੇ ਤੁਹਾਡਾ ਬੈਂਕ ਖਾਤਾ ਖਾਲ੍ਹੀ ਕਰ ਰਹੇ ਹੈਕਰ

01/24/2020 12:57:59 PM

ਗੈਜੇਟ ਡੈਸਕ– ਕੋਰੀਅਰ ਸਰਵਿਸ ਦਾ ਇਸਤੇਮਾਲ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਹੈਕਰ ਹੁਣ ਤੁਹਾਡੇ ਬੈਂਕ ਅਕਾਊਂਟ ’ਚੋਂ ਪੈਸੇ ਚੋਰੀ ਕਰਨ ਲਈ ਕੋਰੀਅਰ ਕੰਪਨੀਆਂ ਦਾ ਸਹਾਰਾ ਲੈ ਰਹੇ ਹਨ। ਇਹ ਸ਼ਾਤਰ ਹੈਕਰ ਯੂਜ਼ਰ ਨੂੰ ਕੋਰੀਅਰ ਡਲਿਵਰੀ ਅਤੇ ਟ੍ਰੈਕਿੰਗ ਦਾ ਫਰਜ਼ੀ ਐੱਸ.ਐੱਮ.ਐੱਸ. ਜਾਂ ਈਮੇਲ ਭੇਜਦੇ ਹਨ। ਦੇਖਣ ’ਚ ਈਮੇਲ Fedex ਜਾਂ ਕਿਸੇ ਹੋਰ ਮਸ਼ਹੂਰ ਕੋਰੀਅਰ ਸਰਵਿਸ ਕੰਪਨੀ ਦੇ ਮੈਸੇਜ ਵਰਗਾ ਹੀ ਲੱਗਦਾ ਹੈ। ਹੈਕਰ ਇਨ੍ਹਾਂ ਈਮੇਲਸ ’ਚ ਯੂਜ਼ਰਜ਼ ਨੂੰ ਉਨ੍ਹਾਂ ਦੇ ਨਾਂ ਨਾਲ ਸੰਬੋਧਨ ਕਰਦੇ ਹਨ ਤਾਂ ਜੋ ਯੂਜ਼ਰਜ਼ ਨੂੰ ਇਸ ਫਰਜ਼ੀ ਈਮੇਲ ਜਾਂ ਮੈਸੇਜ ’ਤੇ ਸ਼ੱਕ ਨਾ ਹੋਵੇ। 

ਫਰਜ਼ੀ ਲਿੰਕ ’ਤੇ ਨਾ ਕਰੋ ਕਲਿੱਕ
ਇਸ ਫਰਜ਼ੀ ਈਮੇਲ ਜਾਂ ਮੈਸੇਜ ’ਚ ਯੂਜ਼ਰ ਦੇ ਨਾਂ ਦੇ ਨਾਲ ਕੋਰੀਅਰ ਦਾ ਟ੍ਰੈਕਿੰਗ ਕੋਡ ਹੁੰਦਾ ਹੈ। ਕੋਰੀਅਰ ਟ੍ਰੈਕਿੰਗ ਅਤੇ ਡਲਿਵਰੀ ਪ੍ਰਿਫਰੈਂਸ ਸੈੱਟ ਕਰਨ ਲਈ ਹੈਕਰ ਆਪਣੇ ਸ਼ਿਕਾਰ ਨੂੰ ਇਸ ਫਰਜ਼ੀ ਮੈਸੇਜ ਦੇ ਨਾਲ ਦਿੱਤੇ url ਲਿੰਕ ’ਤੇ ਕਲਿੱਕ ਕਰਨ ਲਈ ਕਹਿੰਦੇ ਹਨ। ਇਸ ਲਿੰਕ ’ਤੇ ਕਲਿੱਕ ਕਰਦੇ ਹੀ ਯੂਜ਼ਰ ਨੂੰ ਮਲੀਸ਼ਸ (ਵਾਇਰਸ ਨਾਲ ਪ੍ਰਭਾਵਿਤ) ਵੈੱਬਸਾਈਟ ’ਤੇ ਰੀਡਾਇਰੈਕਟ ਕਰ ਦਿੱਤਾ ਜਾਂਦਾ ਹੈ। ਇਹ ਮਲੀਸ਼ਸ ਵੈੱਬਸਾਈਟ ਯੂਜ਼ਰਜ਼ ਦੇ ਪਰਸਨਲ ਅਤੇ ਬੈਂਕਿੰਗ ਡੀਟੇਲ ਦੀ ਮੰਗ ਕਰਦੀ ਹੈ।

ਫਿਸ਼ਿੰਗ ਅਟੈਕ ਨਾਲ ਹੁੰਦੀ ਹੈ ਖੇਡ
ਆਪਣੇ ਨਾਲ ਹੋ ਰਹੀ ਜਾਅਲਸਾਜ਼ੀ ਤੋਂ ਅਣਜਾਣ ਯੂਜ਼ਰਜ਼ ਵੈੱਬਸਾਈਟ ’ਤੇ ਆਪਣੇ ਡੀਟੇਲ ਨੂੰ ਸ਼ੇਅਰ ਕਰ ਦਿੰਦੇ ਹਨ ਅਤੇ ਹੈਕਰ ਇਸੇ ਦੀ ਮਦਦ ਨਾਲ ਬੈਂਕ ਖਾਤੇ ’ਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਬਿਲਕੁਲ ਫਿਸ਼ਿੰਗ ਅਟੈਕ ਵਰਗਾ ਹੀ ਹੁੰਦਾ ਹੈ। ਫਿਸ਼ਿੰਗ ਹੈਕਿੰਗ ਦਾ ਸਭ ਤੋਂ ਪੁਰਾਣਾ ਅਤੇ ਕਾਰਗਰ ਤਰੀਕਾ ਮੰਨਿਆ ਜਾਂਦਾ ਹੈ ਜਿਸ ਵਿਚ ਕਿਸੇ ਨਾਮੀ ਵੈੱਬਸਾਈਟ ਦੇ ਡੁਪਲੀਕੇਟ ਵਰਜ਼ਨ ਤਿਆਰ ਕਰ ਕੇ ਹੈਕਰ ਯੂਜ਼ਰਨੇਮ, ਪਾਸਵਰਡ ਦੇ ਨਾਲ ਹੀ ਯੂਜ਼ਰ ਦੇ ਬੈਂਕਿੰਗ ਡੀਟੇਲ ਨੂੰ ਵੀ ਐਕਸੈਸ ਕਰ ਲੈਂਦੇ ਹਨ। 

 

ਫੈਡੈਕਸ ਨੇ ਜਾਰੀ ਕੀਤੀ ਐਡਵਾਈਜ਼ਰੀ
ਦੁਨੀਆ ਦੀਆਂ ਵੱਡੀਆਂ ਕੋਰੀਅਰ ਕੰਪਨੀਆਂ ’ਚੋਂ ਇਕ ਫੈਡੈਕਸ ਨੇ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਫੈਡੈਕਸ ਕਦੇ ਵੀ ਫਰਜ਼ੀ ਈਮੇਲ ਜਾਂ ਮੈਸੇਜ ਨਾਲ ਟ੍ਰਾਂਸਿਟ ਜਾਂ ਕੰਪਨੀ ਦੀ ਕਸਟਡੀ ’ਚ ਮੌਜੂਦ ਪਾਰਸਲ ਲਈ ਪੇਮੈਂਟ ਜਾਂ ਪਰਸਨਲ ਡੀਟੇਲ ਦੀ ਮੰਗ ਨਹੀਂ ਕਰਦੀ। ਇਨ੍ਹਾਂ ਫਰਾਡ ਮੈਸੇਜ ਜਾਂ ਈਮੇਲ ਨੂੰ ਬਿਨਾਂ ਓਪਨ ਕੀਤੇ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ ਅਤੇ ਕੰਪਨੀ ਨੂੰ ਇਸ ਬਾਰੇ ਅਲਰਟ ਕਰਨ ਲਈ abuse@fedex.com ’ਤੇ ਰਿਪੋਰਟ ਕਰੋ। 

ਫੋਨ ਕਾਲ ਨਾਲ ਵੀ ਹੋ ਰਿਹਾ ਸਕੈਮ
ਯੂਜ਼ਰਜ਼ ਨੂੰ ਕੋਰੀਅਰ ਸਰਵਿਸ ਨਾਲ ਜੁੜੇ ਇਕ ਹੋਰ ਸਕੈਮ ਤੋਂ ਅਲਰਟ ਰਹਿਣ ਦੀ ਲੋੜ ਹੈ। ਇਸ ਸਕੈਮ ’ਚ ਹੈਕਰ ਯੂਜ਼ਰਜ਼ ਨੂੰ ਕਾਲ ਕਰਦੇ ਹਨ। ਕਾਲ ਕਰਨ ਵਾਲਾ ਹੈਕਰ ਖੁਦ ਨੂੰ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਦੇ ਹੋਏ ਕੋਰੀਅਰ ਡਲਿਵਰੀ ਦੇ ਪ੍ਰੋਸੈਸਿੰਗ ਲਈ ਟੈਕਸ ਅਮਾਊਂਟ ਦੀ ਮੰਗ ਕਰਦੇ ਹਨ। ਹਾਲਾਂਕਿ, ਇਹ ਰਾਸ਼ੀ ਘੱਟ ਹੀ ਹੁੰਦੀ ਹੈ ਪਰ ਇਸ ਦੇ ਪਿੱਛੇ ਉਨ੍ਹਾਂ ਦਾ ਇਰਾਦਾ ਤੁਹਾਡੇ ਬੈਂਕਿੰਗ ਡੀਟੇਲ ਨੂੰ ਜਾਣ ਕੇ ਜ਼ਿਆਦਾ ਪੈਸੇ ਚੋਰੀ ਕਰਨ ਦਾ ਹੁੰਦਾ ਹੈ।