ਸਕਿਓਰਿਟੀ ਕੈਮਰੇ ’ਚੋਂ ਨਿਕਲ ਰਹੀਆਂ ਸਨ ਡਰਾਉਣੀਆਂ ਆਵਾਜ਼ਾਂ, ਜਾਣੋ ਪੂਰਾ ਮਾਮਲਾ

12/13/2019 3:34:16 PM

ਗੈਜੇਟ ਡੈਸਕ– ਘਰ ’ਚ ਲੱਗਾ ਹੋਇਆ ਸਮਾਰਟ ਸਕਿਓਰਿਟੀ ਕੈਮਰਾ ਡਰਾਉਣ ਦੇ ਨਾਲ ਹੀ ਤੁਹਾਡੀ ਪ੍ਰਾਈਵੇਸੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਊਥ ਅਮਰੀਕਾ ਦੇ ਸ਼ਹਿਰ Tennessee ’ਚ ਹੋਇਆ ਹੈ। ਇਥੇ 8 ਸਾਲ ਦੀ ਇਕ ਬੱਚੀ ਅਲੀਜ਼ਾ ਦੇ ਕਮਰੇ ’ਚ ਲੱਗੇ ਰਿੰਗ ਸਮਾਰਟ ਸਕਿਓਰਿਟੀ ਕੈਮਰੇ ਨੂੰ ਹੈਕਰ ਨੇ ਨਾ ਸਿਰਫ ਹੈਕ ਕੀਤਾ, ਸਗੋਂ ਉਹ ਉਸ ਕੈਮਰੇ ਰਾਹੀਂ ਡਰਾਉਣੀਆਂ ਆਵਾਜ਼ਾਂ ਕੱਢ ਕੇ ਅਲੀਜ਼ਾ ਨੂੰ ਡਰਾ ਵੀ ਰਿਹਾ ਸੀ। ਦੱਸ ਦੇਈਏ ਕਿ ਰਿੰਗ ਐਮਾਜ਼ੋਨ ਦੀ ਹੋਮ ਸਕਿਓਰਿਟੀ ਅਤੇ ਸਮਾਰਟ ਹੋਮ ਕੰਪਨੀ ਹੈ।

ਹੈਕਰ ਖੁਦ ਨੂੰ ਦੱਸਦਾ ਸੀ ਸਾਂਤਾ ਕਲਾਜ
ਇਸ ਘਟਨਾ ਦੀ ਜਾਣਕਾਰੀ ਅਲੀਜ਼ਾ ਦੀ ਮਾਂ ਐਸ਼ਲੇ ਨੇ ਪੁਲਸ ਨੂੰ ਦਿੰਦੇ ਹੋਏ ਕਿਹਾ ਕਿ ਹੈਕਰ ਇਸ ਗੈਜੇਟ ਰਾਹੀਂ ਅਲੀਜ਼ਾ ਨਾਲ ਗੱਲ ਕਦਾ ਸੀ। ਉਨ੍ਹਾਂ ਦੱਸਿਆ ਕਿ ਇਹ ਹੈਕਰ ਖੁਦ ਨੂੰ ਸਾਂਤਾ ਕਲਾਜ ਦੱਸਣ ਦੇ ਨਾਲ ਹੀ ਅਲੀਜ਼ਾ ਨੂੰ ਕੈਮਰੇ ’ਚ ਰੱਖੇ ਟੀ.ਵੀ. ਨੂੰ ਤੋੜਨ ਲਈ ਉਕਸਾਉਂਦਾ ਸੀ। ਐਸ਼ਲੇ ਨੇ ਇਸ ਸਮਾਰਟ ਸਕਿਓਰਿਟੀ ਕੈਮਰੇ ਨੂੰ ਕੁਝ ਦਿਨ ਪਹਿਲਾਂ ਹੀ ਬਲੈਕ ਫ੍ਰਾਈਡੇ ਸੇਲ ’ਚ ਖਰੀਦਿਆ ਸੀ ਤਾਂ ਜੋ ਉਹ ਆਪਣੀਆਂ ਤਿੰਨੋਂ ਬੇਟੀਆਂ ’ਤੇ ਨਜ਼ਰ ਰੱਖ ਸਕੇ। ਐਸ਼ਲੇ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਹੈਕਰ ਨੇ ਉਨ੍ਹਾਂ ਦੀਆਂ ਬੇਟੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।

ਪਲੇਅ ਕਰਦਾ ਸੀ ਮਿਊਜ਼ਿਕ
ਇਹ ਹੈਕਰ ਅਲੀਜ਼ਾ ਦੇ ਕਮਰੇ ’ਚ ਲੱਗੇ ਕੈਮਰੇ ਰਾਹੀਂ ਮਿਊਜ਼ਿਕ ਪਲੇਅ ਕਰਦਾ ਸੀ ਅਤੇ ਪੁੱਛਦਾ ਸੀ ਕਿ ਕੀ ਉਹ ਉਸ ਦੀ ਬੈਸਟ ਫਰੈਂਡ ਬਣਨਾ ਚਾਹੁੰਦੀ ਹੈ। ਘਬਰਾਈ ਹੋਈ ਅਲੀਜ਼ਾ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਕੈਮਰੇ ਨੂੰ ਬੰਦ ਕੀਤਾ। ਹੁਣ ਇਸ ਕੈਮਰੇ ਨੂੰ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਅਤੇ ਪਰਿਵਾਰ ਇਸ ਨੂੰ ਵਾਪਸ ਕਰਨ ਬਾਰੇ ਸੋਚ ਰਿਹਾ ਹੈ।

ਕਿਤੋਂ ਵੀ ਕੀਤਾ ਜਾ ਸਕਦਾ ਹੈ ਕੁਨੈਕਟ
ਰਿੰਗ ਸਕਿਓਰਿਟੀ ਕੈਮਰੇ ਨੂੰ ਸਮਾਰਟਫੋਨ ਐਪ ਰਾਹੀਂ ਕਿਤੋਂ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਕੈਮਰੇ ’ਚ ਦਿੱਤੇ ਗਏ ਸਪੀਕਰਜ਼ ਨਾਲ ਯੂਜ਼ਰਜ਼ ਗੱਲ ਵੀ ਕਰ ਸਕਦੇ ਹਨ। ਇੰਟਰਨੈੱਟ ਨਾਲ ਕੁਨੈਕਟ ਹੋਣ ਕਾਰਨ ਇਹ ਕੈਮਰਾ ਹੈਕਰਾਂ ਲਈ ਸਾਫਟ ਟਾਰਗੇਟ ਬਣ ਜਾਂਦਾ ਹੈ। ਹੈਕਰ ਯੂਜ਼ਰ ਦੇ ਲਾਗ-ਡਿਟੇਲ ਚੋਰੀ ਕਰ ਕੇ ਇਸ ਦਾ ਪੂਰਾ ਐਕਸੈਸ ਪਾ ਸਕਦੇ ਹਨ। ਮਾਮਲੇ ਦੀ ਜਾਣਕਾਰੀ ਹੋਣ ’ਤੇ ਰਿੰਗ ਨੇ ਇਕ ਨਿਊਜ਼ ਵੈੱਬਸਾਈਟ ‘ਦਿ ਸਨ’ ਨੂੰ ਦੱਸਿਆ ਕਿ ਕੰਪਨੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਇਸ ਬਾਰੇ ਰਿੰਗ ਨੇ ਦਾਅਵਾ ਵੀ ਕੀਤਾ ਹੈ ਕਿ ਇਹ ਸਕਿਓਰਿਟੀ ਬ੍ਰੀਚ ਦਾ ਮਾਮਲਾ ਨਹੀਂ ਹੈ।