ਸਰਕਾਰ ਨੇ ਜਾਰੀ ਕੀਤਾ ਚੈਲੰਜ, ਬਣਾਓ ਜ਼ੂਮ ਵਰਗੀ ਐਪ ਤਾਂ ਮਿਲੇਗਾ 1 ਕਰੋੜ ਰੁਪਏ ਦਾ ਇਨਾਮ

04/22/2020 11:34:52 PM

ਗੈਜੇਟ ਡੈਸਕ—ਕੋਰੋਨਾ ਵਾਇਰਸ ਦੇ ਚੱਲਦੇ ਲਾਕਡਾਊਨ ਦੌਰਾਨ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਅਜਿਹੇ 'ਚ ਆਫਿਸ ਦੀ ਮੀਟਿੰਗ ਲਈ ਵੀਡੀਓ ਕਾਲਿੰਗ ਐਪ ਜ਼ੂਮ ਅਤੇ ਗੂਗਲ ਮੀਟ ਦਾ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਜ਼ੂਮ ਐਪ ਯੂਜ਼ਰਸ ਵਿਚਾਲੇ ਕਾਫੀ ਮਸ਼ਹੂਰ ਹੋਈ ਹੈ ਅਤੇ ਇਸ ਦੀ ਖਾਸੀਅਤ ਹੈ ਕਿ ਇਸ 'ਚ ਇਕ ਸਮੇਂ ਇਕੱਠੇ 100 ਤੋਂ ਜ਼ਿਆਦਾ ਲੋਕ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕਨੈਕਟ ਹੋ ਸਕਦੇ ਹਨ। ਪਰ ਇਸ ਦੌਰਾਨ ਇਹ ਵੀ ਖਬਰ ਸੁਰਖੀਆਂ 'ਚ ਰਹੀ ਹੈ ਕਿ ਜ਼ੂਮ ਐਪ ਰਾਹੀਂ ਯੂਜ਼ਰਸ ਦਾ ਡਾਟਾ ਲੀਕ ਕੀਤਾ ਜਾ ਰਿਹਾ ਹੈ। ਅਜਿਹੇ 'ਚ ਕੇਂਦਰ ਸਰਕਾਰ ਨੇ ਹੁਣ ਇਕ 'ਐਪ ਚੈਲੰਜ' ਲਾਂਚ ਕੀਤਾ ਹੈ। ਇਸ ਚੈਲੰਜ ਨੂੰ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਮਿਲੇਗਾ।

ਕੇਂਦਰ ਸਰਕਾਰ ਦੀ ਵੈੱਬਸਾਈਟ mygov.in 'ਤੇ ਜਾਰੀ ਕੀਤੇ ਗਏ ਇਸ ਐਪ ਚੈਲੰਜ 'ਚ ਜ਼ੂਮ ਵਰਗੀ ਐਪ ਬਣਾਉਣ ਲਈ ਕਿਹਾ ਗਿਆ ਹੈ। ਨਾਲ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਚੈਲੰਜ 'ਚ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਚੈਲੰਜ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਰਜਿਸਟ੍ਰੇਸ਼ਨ ਦੀ ਆਖਿਰੀ ਤਾਰਿਕ 30 ਅਪ੍ਰੈਲ ਹੈ। ਭਾਵ ਜੋ ਕਿ ਇਸ ਚੈਲੰਜ 'ਚ ਹਿੱਸਾ ਲੈਣਾ ਚਾਹੁੰਦਾ ਹੈ ਉਸ ਨੂੰ 30 ਅਪ੍ਰੈਲ ਤਕ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਇਸ ਤੋਂ ਬਾਅਦ 29 ਜੂਨ ਨੂੰ ਸਰਕਾਰ ਰਿਜ਼ਲਟ ਦਾ ਐਲਾਨ ਕਰੇਗੀ। ਜਿੱਤਣ ਵਾਲੀ ਟੀਮ ਨੂੰ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲਾ ਵੱਲੋਂ ਸਰਟੀਫਿਕੇਟ ਅਤੇ 1 ਕਰੋੜ ਰੁਪਏ ਦਾ ਇਨਾਮ ਮਿਲੇਗਾ।

ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਐਪ ਚੈਲੰਜ ਲਈ ਕੁਝ ਨਿਯਮ ਅਤੇ ਸ਼ਰਤਾਂ ਵੀ ਰੱਖੀਆਂ ਹਨ। ਜਿਵੇਂ ਕਿ ਇਹ ਐਪ ਸਾਰੇ ਡਿਵਾਈਸੇਜ ਨੂੰ ਸਪੋਰਟ ਕਰਨ 'ਚ ਸਮਰਥ ਹੋਣੀ ਚਾਹੀਦੀ ਹੈ। ਨਾਲ ਹੀ ਸਭ ਤੋਂ ਜ਼ਿਆਦਾ ਧਿਆਨ ਵਾਲੀ ਗੱਲ ਹੈ ਕਿ ਇਹ ਘੱਟ ਡਾਟਾ ਖਰਚ ਦੇ ਨਾਲ ਹੀ ਕਮਜ਼ੋਰ ਨੈੱਟਵਰਕ 'ਤੇ ਵੀ ਕੰਮ ਕਰ ਸਕੇ। ਇਸ ਤੋਂ ਇਲਾਵਾ ਐਪ 'ਚ ਟ੍ਰਾਂਸਫਰ ਹੋਣ ਵਾਲਾ ਡਾਟਾ ਇਨਕ੍ਰਿਪਟੇਡ ਫਾਰਮੈਟ 'ਚ ਹੋਣਾ ਚਾਹੀਦਾ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਸਰਕਾਰ ਨੇ ਜ਼ੂਮ ਐਪ ਵਿਰੁੱਧ ਇਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਸੁਰੱਖਿਆ ਕਾਰਣਾਂ ਨਾਲ ਇਸ ਐਪ ਦਾ ਇਸਤੇਮਾਲ ਸਰਕਾਰੀ ਅਧਿਕਾਰੀਆਂ ਦੁਆਰਾ ਨਹੀਂ ਕੀਤਾ ਜਾਣਾ ਚਾਹੀਦਾ। ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜ਼ੂਮ ਐਪ ਨਾਲ ਸਾਈਬਰ ਅਟੈਕ ਹੋਣ ਦਾ ਖਤਰਾ ਹੈ ਅਤੇ ਇਸ ਐਪ ਨੂੰ ਇਸਤੇਮਾਲ ਕਰਨ ਤੋਂ ਬਚੋ।

Karan Kumar

This news is Content Editor Karan Kumar