ਗੂਗਲ ਪਲੇਅ ਸਟੋਰ ''ਤੇ ਮੌਜੂਦ ਹਨ ਖਤਰਨਾਕ ਗੇਮਾਂ, ਬੱਚਿਆਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ

04/11/2019 11:17:44 AM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ 'ਤੇ ਅਜਿਹੀਆਂ ਕਈ ਖਤਰਨਾਕ ਗੇਮਾਂ ਮੌਜੂਦ ਹਨ, ਜੋ ਬੱਚਿਆਂ ਨੂੰ ਸ਼ਿਕਾਰ ਬਣਾ ਰਹੀਆਂ ਹਨ ਅਤੇ ਉਨ੍ਹਾਂ ਦੀ ਮਾਨਸਿਕਤਾ 'ਤੇ ਮਾੜਾ ਅਸਰ ਪਾ ਰਹੀਆਂ ਹਨ। ਅਮਰੀਕੀ ਨਿਊਜ਼ ਵੈੱਬਸਾਈਟ Wired ਨੇ ਰਿਪੋਰਟ ਵਿਚ ਦੱਸਿਆ ਕਿ ਪਲੇਅ ਸਟੋਰ 'ਤੇ ਦਰਜਨਾਂ ਅਜਿਹੀਆਂ ਐਪਸ ਦਾ ਪਤਾ ਲਾਇਆ ਗਿਆ ਹੈ, ਜਿਨ੍ਹਾਂ ਨੂੰ ਸੇਫ ਰੇਟਿੰਗ ਦਿੱਤੀ ਗਈ ਹੈ ਪਰ ਅਸਲ ਵਿਚ ਇਹ ਭਿਆਨਕ ਕੰਟੈਂਟ ਰਾਹੀਂ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਦੱਸ ਦੇਈਏ ਕਿ ਇਹ ਸ਼ੂਟਿੰਗ ਤੇ ਗੈਂਬਲਿੰਗ ਗੇਮਾਂ ਵਾਲੀਆਂ ਐਪਸ ਹਨ, ਜਿਨ੍ਹਾਂ ਨੂੰ ਛੋਟੇ ਬੱਚਿਆਂ ਲਈ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਪਰ ਅਸਲ ਵਿਚ ਇਹ ਬੱਚਿਆਂ 'ਤੇ ਮਾੜਾ ਅਸਰ ਪਾ ਰਹੀਆਂ ਹਨ।

ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀ ਗੇਮ
ਰਿਪੋਰਟ ਅਨੁਸਾਰ Mad Max Zombies ਗੇਮ ਨੂੰ ਯੂਰਪੀਅਨ ਵੀਡੀਓ ਗੇਮਿੰਗ ਕੰਟੈਂਟ ਰੇਟਿੰਗ ਸਿਸਟਮ PEGI 3 ਵਲੋਂ ਬੱਚਿਆਂ ਲਈ ਸੁਰੱਖਿਅਤ ਦੱਸਿਆ ਗਿਆ ਹੈ ਪਰ ਅਸਲ ਵਿਚ ਗੇਮ ਵਿਚ ਲੋਕਾਂ ਨੂੰ ਮਾਰਨਾ ਹੁੰਦਾ ਹੈ ਅਤੇ ਖੇਡਣ ਵੇਲੇ ਬਹੁਤ ਸਾਰਾ ਖੂਨ ਵੀ ਦਿਖਾਈ ਦਿੰਦਾ ਹੈ, ਜੋ ਬੱਚਿਆਂ ਲਈ ਠੀਕ ਨਹੀਂ।

ਟਰੈਕ ਹੋ ਰਹੀ ਹੈ ਬੱਚਿਆਂ ਦੀ ਲੋਕੇਸ਼ਨ
Baby Panda Dental Care ਗੇਮ ਵਿਚ ਨਜ਼ਰ ਆ ਰਹੇ ਬੱਚੇ ਦਾ ਦੰਦ ਕੱਢਣਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਗੇਮਾਂ ਖੇਡਣ ਲਈ ਡਿਵਾਈਸ ਦੀ ਪੂਰੀ ਪਰਮਿਸ਼ਨ ਲਈ ਜਾਂਦੀ ਹੈ ਅਤੇ ਬੱਚੇ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾਂਦੀ ਹੈ, ਜੋ ਕਿ ਗਲਤ ਹੈ।

ਹੁਣ ਤਕ ਪਕੜ 'ਚ ਆ ਚੁੱਕੀਆਂ ਹਨ 32 ਗੇਮਾਂ
Wired ਨੇ ਰਿਪੋਰਟ ਵਿਚ ਦੱਸਿਆ ਹੈ ਕਿ ਹੁਣ ਤਕ ਅਜਿਹੀਆਂ 32 ਗੇਮਾਂ ਦਾ ਪਤਾ ਲਾਇਆ ਗਿਆ ਹੈ, ਜੋ ਬੱਚਿਆਂ 'ਤੇ ਮਾੜਾ ਅਸਰ ਪਾ ਰਹੀਆਂ ਹਨ। ਹੁਣ ਤਕ ਇਨ੍ਹਾਂ ਵਿਚੋਂ 16 ਨੂੰ ਹਟਾ ਦਿੱਤਾ ਗਿਆ ਹੈ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋਈ ਕਿ ਜਿਨ੍ਹਾਂ ਗੇਮਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਕਿਸੇ ਹੋਰ ਨਾਂ ਨਾਲ ਪਲੇਅ ਸਟੋਰ 'ਤੇ ਮੁਹੱਈਆ ਕਰਵਾਇਆ ਗਿਆ ਹੈ ਜਾਂ ਨਹੀਂ ਪਰ ਰਿਪੋਰਟ ਅਨੁਸਾਰ ਹੁਣ ਤਕ ਇਨ੍ਹਾਂ ਗੇਮਾਂ ਨੂੰ ਇਕ ਲੱਖ ਵਾਰ ਇੰਸਟਾਲ ਕੀਤਾ ਜਾ ਚੁੱਕਾ ਹੈ।

ਗੂਗਲ ਤਕ ਬਣਾਈ ਗਈ ਪਹੁੰਚ
Wired ਨੇ ਇਸ ਸਮੱਸਿਆ ਲਈ ਗੂਗਲ ਤਕ ਪਹੁੰਚ ਬਣਾਈ ਹੈ ਪਰ ਅਜੇ ਗੂਗਲ ਵਲੋਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਐਪਸ ਨੂੰ ਲੈ ਕੇ ਖਬਰ ਸਾਹਮਣੇ ਆਉਣ ਨਾਲ ਗੂਗਲ ਦੀ ਐਪ ਕੰਟੈਂਟ ਰੇਟਿੰਗ 'ਤੇ ਲੋਕਾਂ ਦਾ ਭਰੋਸਾ ਘਟਣ ਲੱਗੇਗਾ। ਅਜਿਹੀ ਹਾਲਤ ਵਿਚ ਭਵਿੱਖ 'ਚ ਅਜਿਹੀਆਂ ਗੇਮਾਂ ਤੇ ਐਪਸ ਨੂੰ ਲੈ ਕੇ ਜਾਂਚ ਕੀਤੀ ਜਾਣੀ ਜ਼ਰੂਰੀ ਹੈ, ਜਿਸ ਨਾਲ 2 ਵਾਰ ਐਪ ਦੀ ਚੈਕਿੰਗ ਹੋਵੇਗੀ ਅਤੇ ਇਸ ਤਰ੍ਹਾਂ ਦੀਆਂ ਐਪਸ ਨੂੰ ਬੱਚਿਆਂ ਤਕ ਪਹੁੰਚਣ ਤੋਂ ਰੋਕਿਆ ਜਾ ਸਕੇਗਾ।