ਗੂਗਲ ਨੇ ਵੀ ਲਾਂਚ ਕੀਤਾ ਸੈਲਫ ਰਿਪੇਅਰ ਪ੍ਰੋਗਰਾਮ, ਖ਼ੁਦ ਹੀ ਠੀਕ ਕਰ ਸਕੋਗੇ ਆਪਣਾ ਫੋਨ

04/11/2022 11:49:57 AM

ਗੈਜੇਟ ਡੈਸਕ– ਐਪਲ ਅਤੇ ਸੈਮਸੰਗ ਤੋਂ ਬਾਅਦ ਹੁਣ ਗੂਗਲ ਨੇ ਵੀ ਆਪਣੇ ਪਿਕਸਲ ਫੋਨ ਲਈ ਸੈਲਫ ਰਿਪੇਅਰ ਪ੍ਰੋਗਰਾਮ ਲਾਂਚ ਕਰ ਦਿੱਤਾ ਹੈ। ਗੂਗਲ ਪਿਕਸਲ ਦੇ ਯੂਜ਼ਰਸ ਹੁਣ ਆਪਣਾ ਫੋਨ ਖ਼ੁਦ ਹੀ ਰਿਪੇਅਰ ਕਰ ਸਕਣਗੇ। ਗੂਗਲ ਨੇ ਇਸ ਲਈ iFixit ਦੇ ਨਾਲ ਸਾਂਝੇਦਾਰੀ ਕੀਤੀ ਹੈ ਜੋ ਕਿ ਇਕ ਆਨਲਾਈਨ ਰਿਪੇਅਰ ਕਮਿਊਨਿਟੀ ਹੈ। ਸੈਲਫ ਰਿਪੇਅਰ ਪ੍ਰੋਗਰਾਮ ਤਹਿਤ ਗਾਹਕਾਂ ਨੂੰ ਆਪਣੇ ਫੋਨ ਦੇ ਰਿਪੇਅਰ ਕਰਨ ਲਈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸ ਦੱਸਿਆ ਜਾਵੇਗਾ। ਲੋੜ ਦੇ ਹਿਸਾਬ ਨਾਲ ਯੂਜ਼ਰਸ ਗੂਗਲ ਦੇ ਸਟੋਰ ਤੋਂ ਫੋਨ ਦੇ ਪਾਰਟਸ ਖ਼ਰੀਦ ਸਕਣਗੇ। 

ifixit.com ਤੋਂ ਪਿਕਸਲ 2 ਤੋਂ ਲੈ ਕੇ ਪਿਕਸਲ 6 ਪ੍ਰੋ ਤਕ ਦੇ ਪਾਰਟਸ ਖ਼ਰੀਦੇ ਜਾ ਸਕਣਗੇ। ਪਾਰਟਸ ਦੇ ਤੌਰ ’ਤੇ ਗਾਹਕ ਬੈਟਰੀ, ਕੈਮਰਾ, ਡਿਸਪਲੇਅ, ਸਮੇਤ iFixit Fix ਕਿੱਟ ਖ਼ਰੀਦ ਸਕਣਗੇ। ਇਸ ਕਿੱਟ ’ਚ ਸਕਰੂ-ਡ੍ਰਾਈਵਰ ਆਦਿ ਟੂਲ ਮਿਲਣਗੇ। 

ਗੂਗਲ ਦਾ ਸੈਲਫ ਰਿਪੇਅਰਿੰਗ ਪ੍ਰੋਗਰਾਮ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ’ਚ ਇਸ ਸਾਲ ਦੇ ਅਖੀਰ ਤਕ ਸ਼ੁਰੂ ਹੋਵੇਗਾ। ਗੂਗਲ ਨੇ ਆਪਣੇ ਸੈਲਫ ਰਿਪੇਅਰਿੰਗ ਪ੍ਰੋਗਰਾਮ ਬਾਰੇ ਬਲਾਗ ’ਤੇ ਜਾਣਕਾਰੀ ਦਿੱਤੀ ਹੈ। ਉਂਝ ਗੂਗਲ ਦੇ ਸਰਵਿਸ ਸੈਂਟਰ ’ਤੇ ਵੀ ਫੋਨ ਰਿਪੇਅਰ ਹੁੰਦੇ ਰਹਿਣਗੇ। iFixit ਤੋਂ ਪਹਿਲਾਂ ਹੀ ਆਪਣੇ ਕ੍ਰੋਮਬੁੱਕ ਦੇ ਸੈਲਫ ਰਿਪੇਅਰ ਪ੍ਰੋਗਰਾਮ ਲਈ ਗੂਗਲ ਏਸਰ ਅਤੇ ਲੇਨੋਵੋ ਵਰਗੀਆਂ ਕੰਪਨੀਆਂ ਦੇ ਨਾਲ ਸਾਂਝੇਦਾਰੀ ਕਰ ਚੁੱਕੀ ਹੈ। 

ਦੱਸ ਦੇਈਏ ਕਿ ਇਸ ਹਫਤੇ ਦੀ ਸ਼ੁਰੂਆਤ ’ਚ ਹੀ ਸੈਮਸੰਗ ਨੇ ਸੈਲਫ ਰਿਪੇਅਰ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਯੂਜ਼ਰਸ ਆਪਣੇ ਗਲੈਕਸੀ ਸਮਾਰਟਫੋਨ ਨੂੰ ਘਰ ਹੀ ਰਿਪੇਅਰ ਕਰ ਸਕਣਗੇ। ਸੈਮਸੰਗ ਨੇ ਵੀ iFixit ਦੇ ਨਾਲ ਸਾਂਝੇਦਾਰੀ ਕੀਤੀ ਹੈ। ਸੈਮਸੰਗ ਦਾ ਸੈਲਫ ਰਿਪੇਅਰ ਪ੍ਰੋਗਰਾਮ ਫਿਲਹਾਲ ਸਿਰਫ ਅਮਰੀਕਾ ’ਚ ਹੀ ਲਾਂਚ ਹੋਇਆ ਹੈ। ਐਪਲ ਕੋਲ ਵੀ ਸੈਲਫ ਰਿਪੇਅਰ ਪ੍ਰੋਗਰਾਮ ਹੈ। 


Rakesh

Content Editor

Related News