ਗੂਗਲ ਨੇ ਗੁੰਮਰਾਹ ਕਰਨ ਵਾਲੇ 2.3 ਅਰਬ ਵਿਗਿਆਪਨਾਂ ’ਤੇ ਲਾਈ ਰੋਕ

03/15/2019 10:21:27 AM

2018 ’ਚ ਹੋਈਆਂ ਸਨ 31 ਨਵੀਆਂ ਪਾਲਿਸੀਆਂ ਲਾਂਚ
ਨਵੀਂ ਦਿੱਲੀ– ਗੂਗਲ ਨੇ ਪਿਛਲੇ ਸਾਲ ਦੁਨੀਆ ਭਰ ’ਚ ਅਜਿਹੇ 2.3 ਅਰਬ ਵਿਗਿਆਪਨਾਂ ’ਤੇ ਰੋਕ ਲਾਈ, ਜੋ ਗੁੰਮਰਾਹ ਕਰਨ ਵਾਲੇ ਸਨ। ਕੰਪਨੀ ਨੇ 2018 ’ਚ 31 ਨਵੀਆਂ ਪਾਲਿਸੀਆਂ  ਲਾਂਚ ਕੀਤੀਆਂ ਸਨ। ਇਸ ਦੀਆਂ ਨੀਤੀਆਂ ਦਾ ਉਲੰਘਣ ਕਰਨ ਵਾਲੇ ਵਿਗਿਆਪਨਾਂ ਨੂੰ ਬੈਨ ਕੀਤਾ ਗਿਆ। ਗੂਗਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਰਿਪੋਰਟ ’ਚ ਗੂਗਲ ਨੇ ਦੱਸਿਆ ਕਿ ਪਿਛਲੇ ਸਾਲ ਹਰ ਦਿਨ 60 ਲੱਖ ਵਿਗਿਆਪਨ ਬੈਨ ਕੀਤੇ ਗਏ। ਕੰਪਨੀ ਦਾ ਕਹਿਣਾ ਹੈ ਕਿ ਸਾਫ-ਸੁਥਰੇ ਅਤੇ ਸਪੱਸ਼ਟ ਵਿਗਿਆਪਨਾਂ ਦਾ ਈਕੋਸਿਸਟਮ ਤਿਆਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਾਡੇ ਵਿਗਿਆਪਨਾਂ ਦਾ ਮਤਲਬ ਯੂਜ਼ਰ ਨੂੰ ਜੋੜਨਾ ਹੈ। ਖਰਾਬ ਵਿਗਿਆਪਨ ਇਸ ਤਜਰਬੇ ਨੂੰ ਨਸ਼ਟ ਕਰਦੇ ਹਨ।

ਗੂਗਲ ਦਾ ਕਹਿਣਾ ਹੈ ਕਿ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ ਨੂੰ ਰੋਕਣਾ ਹਮੇਸ਼ਾ ਪਹਿਲ ਰਹੇਗੀ। ਪਿਛਲੇ ਸਾਲ ਅਜਿਹੇ 10 ਲੱਖ ਵਿਗਿਆਪਨਦਾਤਾਵਾਂ ਦੇ ਖਾਤੇ ਵੀ ਟਰਮੀਨੇਟ ਕਰ ਦਿੱਤੇ ਗਏ। ਇਹ 2017 ਦੇ ਮੁਕਾਬਲੇ ਦੁੱਗਣਾ ਅੰਕੜਾ ਹੈ।