ਸੇਫ ਇੰਟਰਨੈੱਟ ਬ੍ਰਾਊਜ਼ਿੰਗ ਲਈ ਗੂਗਲ ਕ੍ਰੋਮ ’ਚ ਆਇਆ ਨਵਾਂ ਫੀਚਰ

06/25/2019 12:00:05 PM

ਗੈਜੇਟ ਡੈਸਕ– ਸੇਫ ਇੰਟਰਨੈੱਟ ਬ੍ਰਾਊਜ਼ਿੰਗ ਲਈ ਗੂਗਲ ਨੇ ਕ੍ਰੋਮ ਬ੍ਰਾਊਜ਼ਰ ਲਈ ਇਕ ਐਕਸਟੈਂਸ਼ਨ ਲਾਂਚ ਕੀਤਾ ਹੈ। Suspicious Site Reporter ਨਾਮ ਦੇ ਨਾਲ ਇਸ ਐਕਸਟੈਂਸ਼ਨ ਦਾ ਇਸਤੇਮਾਲ ਸ਼ੱਕੀ ਵੈੱਬਸਾਈਟਾਂ ਨੂੰ ਰਿਪੋਰਟ ਕਰਨ ਲਈ ਕੀਤਾ ਜਾ ਸਕੇਗਾ। ਸਾਲ 2007 ’ਚ ਗੂਗਲ ਨੇ ਸੇਫ ਬ੍ਰਾਊਜ਼ਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਐਕਸਟੈਂਸ਼ਨ ਵੀ ਇਸੇ ਪ੍ਰੋਗਰਾਮ ਦਾ ਹੀ ਹਿੱਸਾ ਹੈ। 

ਇਸ ਐਕਸਟੈਂਸ਼ਨ ਨੂੰ ਕ੍ਰੋਮ ਵੈੱਬ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਡਾਊਨਲੋਡ ਹੋਣ ਤੋਂ ਬਾਅਦ ਇਹ ਫਲੈਗ ਆਈਕਨ ਦੀ ਤਰ੍ਹਾਂ ਕ੍ਰੋਮ ਵਿੰਡੋ ’ਤੇ ਦੂਜੇ ਐਕਸਟੈਂਸ਼ਨ ਦੇ ਨਾਲ ਨਜ਼ਰ ਆਏਗਾ। ਜੇਕਰ ਇੰਟਰਨੈੱਟ ਬ੍ਰਾਊਜ਼ਿੰਗ ਦੌਰਾਨ ਯੂਜ਼ਰ ਨੂੰ ਕਿਸੇ ਵੈੱਬਸਾਈਟ ’ਤੇ ਸ਼ੱਕ ਹੁੰਦਾ ਹੈ ਤਾਂ ਉਹ ਇਸ ’ਤੇ ਕਲਿੱਕ ਕਰ ਸਕਦੇ ਹਨ। ਕਲਿੱਕ ਕਰਨ ਤੋਂ ਬਾਅਦ ਇਹ ਐਕਸਟੈਂਸ਼ਨ ਦੱਸੇਗਾ ਕਿ ਉਸ ਵੈੱਬਸਾਈਟ ’ਚ ਕਿਸ ਤਰ੍ਹਾਂ ਦਾ ਖਤਰਾ ਹੈ। ਇਸ ਦੇ ਨਾਲ ਹੀ ਇਹ ਸ਼ੱਕੀ ਸਾਈਟ ਬਾਰੇ ਗੂਗਲ ਨੂੰ ਰਿਪੋਰਟ ਕਰਨ ਦਾ ਵੀ ਆਪਸ਼ਨ ਦਿੰਦਾ ਹੈ। 

ਇਹ ਐਕਸਟੈਂਸ਼ਨ ਬਾਈ ਡਿਫਾਲਟ ਹੀ ਵੈੱਬਸਾਈਟ ਦੇ ਯੂ.ਆਰ.ਐੱਲ. ਅਤੇ ਆਈ.ਪੀ. ਐਡਰੈੱਸ ਨੂੰ ਗੂਗਲ ਨੂੰ ਭੇਜ ਦਿੰਦਾ ਹੈ। ਨਾਲ ਹੀ ਇਹ ਉਸ ਸ਼ੱਕੀ ਸਾਈਟ ਦਾ ਸਕਰੀਨਸ਼ਾਟ ਵੀ ਗੂਗਲ ਤਕ ਪਹੁੰਚਾਉਣ ਦਾ ਆਪਸ਼ਨ ਦਿੰਦਾ ਹੈ। ਇਹ ਯੂਜ਼ਰ ’ਤੇ ਨਿਰਭਰ ਕਰੇਗਾ ਕਿ ਉਹ ਸਕਰੀਨਸ਼ਾਟ ਭੇਜਣਾ ਚਾਹੁੰਦੇ ਹਨ ਜਾਂ ਨਹੀਂ। 

923KB ਸਾਈਜ਼ ਵਾਲੇ ਇਸ ਐਕਸਟੈਂਸ਼ਨ ਨੂੰ ਆਏ ਅਜੇ ਕੁਝ ਹੀ ਦਿਨ ਹੋਏ ਹਨ ਕਿ ਇਸ ਵਿਚ ਬਗ ਦੀ ਵੀ ਸ਼ਿਕਾਇਤ ਆਉਣ ਲੱਗੀ ਹੈ। ਇਹ ਬਗ ਆਰੇਂਜ ਫਲੈਗ ’ਤੇ ‘1’ ਲਿਖਿਆ ਹੋਇਆ ਦਿਖਾਉਂਦਾ ਹੈ ਜਿਸ ਦਾ ਮਤਲਬ ਹੋਇਆ ਕਿ ਸਾਈਟ ’ਚ ਕੋਈ ਸਮੱਸਿਆ ਹੈ ਪਰ ਜਦੋਂ ਇਸ ’ਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਇਹ ‘Nothing Detected’ ਦਾ ਮੈਸੇਜ ਦੇ ਦਿੰਦਾ ਹੈ।