ਹੁਣ ਵਟਸਐਪ ਮੈਸੇਜ ਵੀ ਪੜ ਕੇ ਸੁਣਾਏਗਾ ਗੂਗਲ ਅਸਿਸਟੈਂਟ

08/06/2019 1:58:50 PM

ਗੈਜੇਟ ਡੈਸਕ– ਗੂਗਲ ਅਸਿਸਟੈਂਟ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਐਡਵਾਂਸ ਹੋ ਗਿਆ ਹੈ। ਗੂਗਲ ਅਸਿਸਟੈਂਟ ਹੁਣ ਵਟਸਐਪ, ਟੈਲੀਗ੍ਰਾਮ ਅਤੇ ਸਲੈਕ ’ਤੇ ਆਏ ਮੈਸੇਜ ਨੂੰ ਵੀ ਪੜ ਕੇ ਸੁਣਾਏਗਾ। ਸਿਰਫ ਇੰਨਾ ਹੀ ਨਹੀਂ, ਤੁਸੀਂ ਬੋਲ ਕੇ ਵੀ ਮੈਸੇਜ ਦਾ ਰਿਪਲਾਈ ਕਰ ਸਕੋਗੇ। ਗੂਗਲ ਅਸਿਸਟੈਂਟ ਪਹਿਲਾਂ ਸਿਰਫ ਨੈਟਿਵ ਮੈਸੇਜਿੰਗ ਐਪ ’ਚ ਆਏ ਟੈਕਸਟ ਮੈਸੇਜ ਨੂੰ ਪੜ ਕੇ ਸੁਣਾਉਂਦਾ ਸੀ ਪਰ ਹੁਣ ਇਹ ਫੀਚਰ ਥਰਡ ਪਾਰਟੀ ਐਪਸ ਨੂੰ ਵੀ ਸਪੋਰਟ ਕਰੇਗਾ। ਹੁਣ ਗੂਗਲ ਅਸਿਸਟੈਂਟ ਗਰੁੱਪਮੀ, ਡਿਸਕੋਰਡ, ਸਲੈਕ, ਟੈਲੀਗ੍ਰਾਮ ਅਤੇ ਵਟਸਐਪ ਸਮੇਤ ਕਈ ਐਪਸ ਨੂੰ ਸਪੋਰਟ ਕਰੇਗਾ। 

ਇਸ ਨਵੇਂ ਫੀਚਰ ਨੂੰ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਆਪਣੇ ਐਂਡਰਾਇਡ ਫੋਨ ’ਚ ਗੂਗਲ ਅਸਿਸਟੈਂਟ ਨੂੰ ਐਕਟਿਵੇਟ ਕਰਨਾ ਹੋਵੇਗਾ ਅਤੇ ਰੀਡ ਮਾਈ ਮੈਸੇਜ ਦੀ ਕਮਾਂਡ ਦੇਣੀ ਹੋਵੇਗੀ। ਤੁਸੀਂ ਗੂਗਲ ਅਸਿਸਟੈਂਟ ਨੂੰ ਐਕਟਿਵੇਟ ਕਰਕੇ ਇਸ ਗੱਲ ਦੀ ਜਾਂਚ ਕਰ ਸਕਦੇ ਹੋ ਕਿ ਇਹ ਫੀਚਰ ਤੁਹਾਡੇ ਫੋਨ ’ਚ ਕੰਮ ਕਰ ਰਿਹਾ ਹੈ ਜਾਂ ਨਹੀਂ। ਸੁਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਨੋਟਿਫਿਕੇਸ਼ਨ ’ਚ ਅਜਿਹੇ ਮੈਸੇਜ ਹੋਣ ਜਿਨ੍ਹਾਂ ਨੂੰ ਤੁਸੀਂ ਪੜਿਆ ਨਾ ਹੋਵੇ। 

ਗੂਗਲ ਅਸਿਸਟੈਂਟ ਤੁਹਾਡੇ ਮੈਸੇਜ ਇਕ ਤੋਂ ਬਾਅਦ ਇਕ ਤੁਹਾਨੂੰ ਪੜ ਕੇ ਸੁਣਾਏਗਾ। ਇਹ ਤੁਹਾਨੂੰ ਮੈਸੇਜ ਕਾਰਡ ਦੇ ਰੂਪ ’ਚ ਦਿਖਾਏਗਾ ਅਤੇ ਨਾਲ ਹੀ ਇਹ ਵੀ ਦੱਸੇਗਾ ਕਿ ਮੈਸੇਜ ਕਿਸ ਐਪ ’ਤੇ ਆਇਆ ਹੈ ਅਤੇ ਫਿਰ ਤੁਹਾਡੇ ਕੋਲੋਂ ਪੁੱਛੇਗਾ ਕਿ ਤੁਸੀਂ ਮੈਸੇਜ ਨੂੰ ਸੁਣਨਾ ਚਾਹੁੰਦੇ ਹੋ ਜਾਂ ਨਹੀਂ। ਜੇਕਰ ਤੁਸੀਂ ਹਾਂ ਕਹਿੰਦੇ ਹੋ ਤਾਂ ਇਹ ਤੁਹਾਨੂੰ ਮੈਸੇਜ ਪੜ ਕੇ ਸੁਣਾਏਗਾ। 

ਜੇਕਰ ਮੈਸੇਜ ’ਚ ਆਡੀਓ, ਵੀਡੀਓ ਜਾਂ ਫਿਰ ਤਸਵੀਰ ਹੋਵੇਗੀ ਤਾਂ ਇਹ ਅਸਿਸਟੈਂਟ ਤੁਹਾਨੂੰ ਦੱਸੇਗਾ ਕਿ ਮੈਸੇਜ ’ਚ ਆਡੀਓ, ਵੀਡੀਓ ਜਾਂ ਫੋਟੋ ਸ਼ਾਮਲ ਹੈ ਤਾਂ ਇਸ ਲਈ ਮੀਡੀਆ ਨੂੰ ਪਲੇਅ ਕੀਤਾ ਜਾ ਸਕਦਾ ਹੈ। ਇਕ ਵਾਰ ਟੈਕਸਟ ਮੈਸੇਜ ਪੜਨ ਤੋਂ ਬਾਅਦ ਅਸਿਸਟੈਂਟ ਤੁਹਾਨੂੰ ਪੁੱਛੇਗਾ ਕਿ ਕੀ ਤੁਸੀਂ ਰਿਪਲਾਈ ਕਰਨਾ ਚਾਹੁੰਦੇ ਹੋ? ਇਸ ਤੋਂ ਬਾਅਦ ਤੁਸੀਂ ਮੈਸੇਜ ਨੂੰ ਬੋਲੋ ਅਤੇ ਅਸਿਸਟੈਂਟ ਉਸ ਨੂੰ ਟੈਕਸਟ ’ਚ ਤਬਦੀਲ ਕਰ ਦੇਵੇਗਾ ਅਤੇ ਗਰੁੱਪ ਜਾਂ ਫਿਰ ਇੰਡੀਵਿਜ਼ੁਅਲ ਚੈਟ ’ਚ ਜਿਥੇ ਵੀ ਉਸ ਮੈਸੇਜ ਨੂੰ ਸੈਂਡ ਕੀਤਾ ਜਾਣਾ ਹੈ ਉਥੇ ਭੇਜ ਦੇਵੇਗਾ।