ਹੁਣ ਡੈਬਿਟ ਕਾਰਡ ਹੋਵੇਗਾ ਹੋਰ ਵੀ ਸੁਰੱਖਿਅਤ, ਫਿੰਗਰਪ੍ਰਿੰਟ ਨਾਲ ਹੋਣਗੇ ਲੈਣ-ਦੇਣ

03/15/2019 10:35:49 AM

ਗੈਜੇਟ ਡੈਸਕ– ਸੁਰੱਖਿਆ ਦੇ ਨਜ਼ਰੀਏ ਤੋਂ ਫਿੰਗਰਪ੍ਰਿੰਟ ਟੈਕਨਾਲੋਜੀ ਨੂੰ ਪੂਰੀ ਦੁਨੀਆ ਵਿਚ ਉਤਸ਼ਾਹ ਮਿਲ ਰਿਹਾ ਹੈ। ਦਫਤਰ ਵਿਚ ਹਾਜ਼ਰੀ ਲਾਉਣ ਤੋਂ ਲੈ ਕੇ ਸਮਾਰਟਫੋਨ ਓਪਨ ਕਰਨ ਤਕ ਵੈਰੀਫਿਕੇਸ਼ਨ ਲਈ ਫਿੰਗਰਪ੍ਰਿੰਟ ਆਥੰਟੀਕੇਸ਼ਨ ਤਕਨੀਕ ਦੀ ਵਰਤੋਂ ਹੋ ਰਹੀ ਹੈ। ਇਸ ਟੈਕਨਾਲੋਜੀ ਦੀ ਸੁਰੱਖਿਆ ਨੂੰ ਦੇਖਦਿਆਂ ਇਸ ਨੂੰ ਹੁਣ ਡੈਬਿਟ ਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਹੋਰ ਵੀ ਸੁਰੱਖਿਅਤ ਤੇ ਤੇਜ਼ੀ ਨਾਲ ਭੁਗਤਾਨ ਕਰ ਸਕੋਗੇ।

ਕਾਰਡ ਬਣਾਉਣ ਲਈ ਕੰਪਨੀਆਂ ਨੇ ਕੀਤੀ ਭਾਈਵਾਲੀ
ਯੂਨਾਈਟਿਡ ਕਿੰਗਡਮ ਦੇ NatWest ਬੈਂਕ ਨੇ ਆਪਣੇ ਗਾਹਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਬਾਇਓਮੀਟ੍ਰਿਕ ਆਥੰਟੀਕੇਸ਼ਨ ਵਾਲਾ ਕਾਰਡ ਬਣਾਇਆ ਹੈ, ਜਿਸ ’ਤੇ ਅਜੇ ਟੈਸਟਿੰਗ ਕੀਤੀ ਜਾ ਰਹੀ ਹੈ। ਫਿੰਗਰਪ੍ਰਿੰਟ ਟੈਕਨਾਲੋਜੀ ਨਾਲ ਲੈਸ ਇਸ ਡੈਬਿਟ ਕਾਰਡ ਨੂੰ ਤਿਆਰ ਕਰਨ ਲਈ  NatWest ਬੈਂਕ ਨੇ ਡਿਜੀਟਲ ਸਕਿਓਰਿਟੀ ਕੰਪਨੀ Gemalto, Visa ਤੇ Mastercard ਨਾਲ ਭਾਈਵਾਲੀ ਕੀਤੀ ਹੈ। ਇਹ ਕੰਪਨੀਆਂ ਇਸ ਗੱਲ ਨੂੰ ਯਕੀਨੀ ਬਣਾਉਣਗੀਆਂ ਕਿ ਇਹ ਕਾਰਡ ਯੂਜ਼ਰ ਦੇ ਫਿੰਗਰਪ੍ਰਿੰਟ ਤੋਂ ਉਸ ਦੀ ਪਛਾਣ ਸਹੀ ਢੰਗ ਨਾਲ ਪਤਾ ਕਰ ਲੈਂਦਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਸੈੱਟ ਕੀਤੀ ਗਈ ਪੈਸਿਆਂ ਦੀ ਹੱਦ ਦੇ ਹਿਸਾਬ ਨਾਲ ਹੀ ਭੁਗਤਾਨ ਹੋਵੇ, ਇਸ ਗੱਲ ਨੂੰ ਵੀ ਜਾਂਚਿਆ ਜਾ ਰਿਹਾ ਹੈ।

PIN ਕੋਡ ਦੀ ਬਜਾਏ ਫਿੰਗਰਪ੍ਰਿੰਟ ਤਕਨੀਕ ਨਾਲ ਗਾਹਕ ਨੂੰ ਹੋਣਗੇ 3 ਵੱਡੇ ਫਾਇਦੇ
1. ਲੈਣ-ਦੇਣ ਲਈ PIN ਕੋਡ ਦੀ ਬਜਾਏ ਫਿੰਗਰਪ੍ਰਿੰਟ ਤਕਨੀਕ ਦੀ ਵਰਤੋਂ ਕਰਨ ’ਤੇ ਯੂਜ਼ਰ ਦੀ ਸੁਰੱਖਿਆ ਵਧਦੀ ਹੈ।
2. ਫਿੰਗਰਪ੍ਰਿੰਟ ਤਕਨੀਕ ਨਾਲ ਲੈਸ ਕਾਰਡ ਹੋਲਡਰ ਜਲਦੀ ਹੀ ਆਸਾਨੀ ਨਾਲ ਸਿਰਫ ਇਕ ਟੱਚ ਨਾਲ ਭੁਗਤਾਨ ਕਰ ਸਕਣਗੇ।
3. ਮਿੱਥੀ ਹੱਦ ਦੇ ਹਿਸਾਬ ਨਾਲ ਤੁਸੀਂ ਭੁਗਤਾਨ ਕਰ ਸਕੋਗੇ, ਜਿਸ ਨਾਲ ਸੁਰੱਖਿਆ ਹੋਰ ਵਧੇਗੀ।

ਕਿਵੇਂ ਕੰਮ ਕਰੇਗਾ ਇਹ ਕਾਰਡ
- ਯੂਜ਼ਰ ਦਾ ਰਜਿਸਟਰਡ ਫਿੰਗਰਪ੍ਰਿੰਟ ਇਸ ਕਾਰਡ ਵਿਚ ਸੇਵ ਰਹੇਗਾ ਅਤੇ ਕਾਰਡ ਦੇ ਅੰਦਰ ਲੱਗੀ ਚਿੱਪ ਨਾਲ ਹੀ ਯੂਜ਼ਰ ਵੈਰੀਫਾਈ ਹੋਵੇਗਾ।
- ਵਿਕਰੀ ਵਧਾਉਣ ਲਈ ਰਿਟੇਲਰਸ ਨੂੰ ਕਿਸੇ ਵੀ ਤਰ੍ਹਾਂ ਦੀ ਨਵੀਂ ਤਕਨੀਕ ’ਤੇ ਪੈਸੇ ਖਰਚ ਨਹੀਂ ਕਰਨੇ ਪੈਣਗੇ।
- ਇਕ ਵਾਰ ਕਾਰਡ ਵਿਚ ਫਿੰਗਰਪ੍ਰਿੰਟ ਐਂਟਰ ਹੋਣ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕੇਗਾ।
- ਕਾਰਡ ਨਾਲ ਸੁਰੱਖਿਆ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਕਵਰ ਦਿੱਤਾ ਜਾਵੇਗਾ।

ਸਭ ਤੋਂ ਪਹਿਲਾਂ ਵਰਤੋਂ ’ਚ ਲਿਆ ਸਕਣਗੇ ਬੈਂਕ ਦੇ 200 ਗਾਹਕ
ਇਸ ਫਿੰਗਰਪ੍ਰਿੰਟ ਸੈਂਸਿੰਗ ਕਾਰਡ ਦੇ ਟ੍ਰਾਇਲ ਨੂੰ ਕੁਝ ਹੀ ਹਫਤਿਆਂ ਵਿਚ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਯੂਨਾਈਟਿਡ ਕਿੰਗਡਮ ਦੇ ਬੈਂਕ  NatWest ਨੇ 200 ਗਾਹਕਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਕਾਰਡ ਮੁਹੱਈਆ ਕਰਵਾਇਆ ਜਾਵੇਗਾ। ਉਹ ਇਸ ਕਾਰਡ ਦੀ ਵਰਤੋਂ ਕਰ ਕੇ ਬੈਂਕ ਨੂੰ ਫੀਡਬੈਕ ਦੇਣਗੇ, ਜਿਸ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ।