ਲੋਕੇਸ਼ਨ ਸੈਟਿੰਗਸ ਨੂੰ ਲੈ ਕੇ ਫੇਸਬੁੱਕ ਐਪ ’ਚ ਹੋਵੇਗਾ ਵੱਡਾ ਬਦਲਾਅ

02/22/2019 11:25:24 AM

ਗੈਜੇਟ ਡੈਸਕ– ਮਸ਼ਹੂਰ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਆਪਣੀ ਐਂਡਰਾਇਡ ਐਪ ’ਚ ਕਈ ਵੱਡੇ ਬਦਲਾਅ ਕਰਨ ਦੇ ਸੰਕੇਤ ਦਿੱਤੇ ਹਨ। ਫੇਸਬੁੱਕ ਆਪਣੀ ਐਂਡਰਾਇਡ ਐਪ ’ਚ ਇਨ੍ਹਾਂ ਬਦਲਾਵਾਂ ਰਾਹੀਂ ਨਵਾਂ ਪ੍ਰਾਈਵੇਸੀ ਕੰਟਰੋਲ ਫੀਚਰ ਜੋੜਨ ਜਾ ਰਹੀ ਹੈ ਜੋ ਯੂਜ਼ਰਜ਼ ਦੇ ਐਪਸ ਨੂੰ ਉਨ੍ਹਾਂ ਦੀ ਬੈਕਗ੍ਰਾਊਂਡ ਲੋਕੇਸ਼ਨ ਦੀ ਜਾਣਕਾਰੀ ਇਕੱਠੀ ਕਰਨ ਅਤੇ ਸੇਵ ਕਰਨ ਤੋਂ ਰੋਕੇਗਾ। ਫੇਸਬੁੱਕ ਦੇ ਇੰਜੀਨੀਅਰਿੰਗ ਨਿਰਦੇਸ਼ਕ (ਲੋਕੇਸ਼ਨ) ਪਾਲ ਮੈਕਡੋਨਾਲਡ ਨੇ ਕਿਹਾ ਕਿ ਐਂਡਰਾਇਡ ਲਈ ਫੇਸਬੁੱਕ ’ਤੇ ਇਕ ਨਵਾਂ ਬੈਕਗ੍ਰਾਊਂਡ ਲੋਕੇਸ਼ਨ ਕੰਟਰੋਲ ਸ਼ੁਰੂ ਕਰ ਰਹੇ ਹਾਂ, ਤਾਂ ਜੋ ਲੋਕ ਇਹ ਚੁਣ ਸਕਣ ਕਿ ਜਦੋਂ ਉਹ ਐਪ ਦਾ ਇਸਤੇਮਾਲ ਨਾ ਕਰ ਰਹੇ ਹੋਣ, ਉਸ ਸਮੇਂ ਅਸੀਂ ਸਥਾਨ ਦੀ ਜਾਣਕਾਰੀ ਇਕੱਠੀ ਕਰੀਏ ਜਾਂ ਨਾ।

ਹੁਣ ਤਕ ਯੂਜ਼ਰਜ਼ ਨੂੰ ਫੇਸਬੁੱਕ ’ਤੇ ਲੋਕੇਸ਼ਨ ਫੀਚਰਜ਼ ਜਿਵੇਂ- ‘ਨੀਅਰਬਾਈ ਫਰੈਂਡਸ’ ਜਾਂ ‘ਚੈੱਕ-ਇਨ’ ਦਾ ਇਸਤੇਮਾਲ ਕਰਨ ਲਈ ਆਪਣੇ ‘ਲੋਕੇਸ਼ਨ ਹਿਸਟਰੀ’ ਸੈਟਿੰਗਸ ਨੂੰ ਸਰਗਰਮ ਕਰਨਾ ਪੈਂਦਾ ਸੀ। ਮੈਕਡੋਨਾਲਡ ਨੇ ਕਿਹਾ ਕਿ ਇਸ ਅਪਡੇਟ ਦੇ ਨਾਲ ਤੁਹਾਨੂੰ ਇਕ ਨਵਾਂ ਤਰੀਕਾ ਮਿਲੇਗਾ, ਤਾਂ ਜੋ ਤੁਸੀਂ ਇਹ ਚੋਣ ਕਰ ਸਕੋ ਕਿ ਜਦੋਂ ਤੁਸੀਂ ਐਪ ਦਾ ਇਸਤੇਮਾਲ ਨਹੀਂ ਕਰ ਰਹੇ ਹੋਵੋ, ਉਦੋਂ ਲੋਕੇਸ਼ਨ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਜਾਂ ਨਹੀਂ। 

ਫੇਸਬੁੱਕ ਨੇ ਇਸ ਤੋਂ ਇਲਾਵਾ ‘ਐਕਸੈਸ ਯੌਰ ਇਨਫਾਰਮੇਸ਼ਨ’ ਫੀਚਰ ਨੂੰ ਅਪਡੇਟ ਕੀਤਾ ਹੈ, ਜਿਸ ਨਾਲ ਫੇਸਬੁੱਕ ਸ਼ਹਿਰ ਜਾਂ ਪੋਸਟਲ ਕੋਡ ਪੱਧਰ ਤਕ ਯੂਜ਼ਰ ਦੇ ਪ੍ਰਾਇਮਰੀ ਸਥਾਨ ਦਾ ਅਨੁਮਾਨ ਲਗਾ ਸਕੇਗਾ।