ਫੇਸਬੁੱਕ ਨੇ ਕੀਤਾ ਸਾਵਧਾਨ, ਫਿਰ ਹੋ ਸਕਦੈ ਡਾਟਾ ਲੀਕ

Sunday, Apr 29, 2018 - 03:15 AM (IST)

ਨਵੀਂ ਦਿੱਲੀ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਨਿਵੇਸ਼ਕਾਂ ਨੂੰ ਸਾਵਧਾਨ ਕੀਤਾ ਕਿ ਭਵਿੱਖ 'ਚ ਡਾਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ, ਜਿਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ। ਫੇਸਬੁੱਕ ਨੇ ਇਹ ਜਾਣਕਾਰੀ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਰਿਪੋਰਟ 'ਚ ਦਿੱਤੀ। ਫੇਸਬੁੱਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੀ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਸਾਈਟ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। 
ਫੇਸਬੁੱਕ ਨੇ ਰਿਪੋਰਟ 'ਚ ਕਿਹਾ ਹੈ ਕਿ ਡਾਟਾ ਦੀ ਸੁਰੱਖਿਆ ਲਈ ਕੰਪਨੀ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਕੰਟੈਂਟ ਰੀਵਿਊ ਲਈ ਵੀ ਵੱਡੀ ਰਕਮ ਖਰਚ ਕਰ ਰਹੀ ਹੈ, ਜਿਸ ਦੇ ਨਾਲ ਡਾਟਾ ਦੀ ਗਲਤ ਵਰਤੋਂ ਹੋਣ ਤੋਂ ਰੋਕਿਆ ਜਾ ਸਕੇ। ਫੇਸਬੁੱਕ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਆਪਣੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮੀਡੀਆ ਅਤੇ ਥਰਡ ਪਾਰਟੀ ਵੱਲੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਹਨ। ਕੰਪਨੀ ਨੇ ਰਿਪੋਰਟ 'ਚ ਕਿਹਾ ਹੈ ਕਿ ਡਾਟਾ ਦੀ ਗਲਤ ਵਰਤੋਂ ਵਰਗੀਆਂ ਘਟਨਾਵਾਂ ਨਾਲ ਸਾਡੀਆਂ ਕਾਨੂੰਨੀ ਮੁਸ਼ਕਿਲਾਂ ਵਧ ਸਕਦੀਆਂ ਹਨ ਅਤੇ ਜੁਰਮਾਨੇ ਦੀ ਵਜ੍ਹਾ ਨਾਲ ਆਰਥਕ ਨੁਕਸਾਨ ਹੋਣ ਦਾ ਵੀ ਡਰ ਹੈ। ਹਾਲਾਂਕਿ ਆਪਣੀ ਰਿਪੋਰਟ 'ਚ ਫੇਸਬੁੱਕ ਨੇ ਕਿਤੇ ਵੀ ਕੈਂਬ੍ਰਿਜ ਐਨਾਲਿਟਿਕਾ ਦਾ ਨਾਂ ਨਹੀਂ ਲਿਆ। 
ਜ਼ੁਕਰਬਰਗ ਦਾ ਵੀ ਡਾਟਾ ਹੋ ਚੁੱਕੈ ਲੀਕ
ਹਾਲ ਹੀ 'ਚ ਅਮਰੀਕੀ ਸੇਨੇਟਰਸ ਜਦੋਂ ਜ਼ੁਕਰਬਰਗ 'ਤੇ ਸਵਾਲਾਂ ਦੀ ਵਾਛੜ ਕਰ ਰਹੇ ਸਨ, ਉਸੇ ਦੌਰਾਨ ਇਕ ਸੰਸਦ ਮੈਂਬਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਕੈਂਬ੍ਰਿਜ ਐਨਾਲਿਟਿਕਾ ਮਾਮਲੇ 'ਚ ਤੁਹਾਡਾ ਪਰਸਨਲ ਡਾਟਾ ਵੀ ਲੀਕ ਹੋਇਆ ਹੈ। ਜਵਾਬ 'ਚ ਜ਼ੁਕਰਬਰਗ ਨੇ ਕਿਹਾ ਕਿ ਹਾਂ। ਇਸ 'ਹਾਂ' ਦੇ ਨਾਲ ਹੀ ਇਸ ਤੱਥ ਦੀ ਪੁਸ਼ਟੀ ਉਨ੍ਹਾਂ ਖੁਦ ਕੀਤੀ ਕਿ ਉਨ੍ਹਾਂ ਦਾ ਡਾਟਾ ਵੀ ਕੈਂਬ੍ਰਿਜ ਐਨਾਲਿਟਿਕਾ ਦੇ ਕੋਲ ਪੁੱਜਾ ਹੈ।


Related News