ਸਿਰਫ 1 ਸੈਕਿੰਡ ’ਚ ਅੱਗ ਬੁਝਾਅ ਦਿੰਦੀ ਹੈ ਇਹ ‘Fire-Ball’

01/11/2019 4:36:58 PM

ਗੈਜੇਟ ਡੈਸਕ– ਤੁਸੀਂ ਕਈ ਅਜਿਹੀਆਂ ਘਟਨਾਵਾਂ ਬਾਰੇ ਸੁਣਿਆ ਹੋਵੇਗਾ ਜਿਸ ਵਿਚ ਜਨਤਕ ਥਾਵਾਂ, ਵਾਹਨਾਂ ਅਤੇ ਇਮਾਰਤਾਂ ’ਚ ਅੱਗ ਲੱਗਣ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ ਹੋਵੇਗਾ। ਅਜਿਹੀ ਸਥਿਤੀ ’ਚ ਲੋਕ ਅੱਗ ਬੁਝਾਉਣ ਦੀ ਬਜਾਏ ਪਹਿਲਾਂ ਆਪਣੀ ਜਾਨ ਬਚਾਉਣਾ ਬਾਰੇ ਸੋਚਦੇ ਹਨ ਜੋ ਸਭ ਤੋਂ ਜ਼ਰੂਰੀ ਹੈ।

ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਹੁਣ ਇਕ ਅਜਿਹੀ ਬਾਲ ਤੁਹਾਡੇ ਕੰਮ ਆ ਸਕਦੀ ਹੈ ਜੋ ਸਿਰਫ 1 ਸੈਕਿੰਡ ’ਚ ਅੱਗ ਬੁਝਾਅ ਦਿੰਦੀ ਹੈ। ਇਸ ਬਾਲ ’ਚ ਕੁਝ ਅਜਿਹੀਆਂ ਗੈਸਾਂ ਹੁੰਦੀਆਂ ਹਨ ਜੋ ਅੱਗ ਨੂੰ ਠੰਡਾ ਕਰ ਦਿੰਦੀਆਂ ਹਨ। ਜਿਵੇਂ ਹੀ ਅੱਗ ’ਚ ਇਸ ਬਾਲ ਨੂੰ ਸੁੱਟਿਆ ਜਾਂਦਾ ਹੈ, ਇਹ ਬਾਲ ਫੱਟ ਜਾਂਦੀ ਹੈ। ਇਸ ਨਾਲ ਘਰ, ਕਾਰ, ਬਾਈਕ ਜਾਂ ਹੋਰ ਕਿਸੇ ਚੀਜ਼ ’ਚ ਲੱਗੀ ਅੱਗ ’ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਇਸ ਨੂੰ ‘ਫਾਇਰ ਬਾਲ’ ਨਾਂ ਦਿੱਤਾ ਗਿਆ ਹੈ। ਕ੍ਰਿਕੇਟ ਦੀ ਗੇਂਦ ਤੋਂ ਦੁਗਣੇ ਆਕਾਰ ਵਾਲੀ ਇਸ ਬਾਲ ਦਾ ਭਾਰ ਸਿਰਫ 1.3 ਕਿਲੋਗ੍ਰਾਮ ਹੈ, ਜਦੋਂਕਿ ਅੱਗ ਬੁਝਾਊ ਯੰਤਰ ਦੇ ਸਿਲੰਡਰ ਦਾ ਭਾਰ ਲਗਭਗ 6 ਤੋਂ 7 ਕਿਲੋਗ੍ਰਾਮ ਹੁੰਦਾ ਹੈ। 

ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਦੇ ਇਸਤੇਮਾਲ ਨਾਲ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣਾ ਬੇਹੱਦ ਆਸਾਨ ਹੋਵੇਗਾ। ਕਈ ਵਾਰ ਦੇਖਿਆ ਗਿਆ ਹੈ ਕਿ ਸ਼ੁਰੂਆਤ ’ਚ ਅੱਗ ’ਤੇ ਕਾਬੂ ਨਾ ਪਾ ਸਕਣ ਕਾਰਨ ਇਕ ਛੋਟਾ ਜਿਹਾ ਹਾਦਸਾ ਵੀ ਭਿਆਨਕ ਰੂਪ ਲੈ ਲੈਂਦਾ ਹੈ।