ਖਾਣਾ ਡਲਿਵਰ ਕਰਨ ਲਈ ਬਣਾਇਆ ਗਿਆ ਖਾਸ ਇਲੈਕਟ੍ਰਿਕ ਥ੍ਰੀ-ਵ੍ਹੀਲਰ

03/25/2019 11:16:49 AM

ਆਟੋ ਡੈਸਕ– ਸ਼ਹਿਰ ਦੇ ਅੰਦਰਲੇ ਹਿੱਸਿਆਂ 'ਚ ਖਾਣਾ ਡਲਿਵਰ ਕਰਨ ਲਈ ਹੁਣ ਅਜਿਹਾ ਇਲੈਕਟ੍ਰਿਕ ਥ੍ਰੀ-ਵ੍ਹੀਲਰ ਤਿਆਰ ਕੀਤਾ ਗਿਆ ਹੈ, ਜੋ ਬਿਨਾਂ ਪ੍ਰਦੂਸ਼ਣ ਕੀਤਿਆਂ ਸੁਰੱਖਿਅਤ ਢੰਗ ਨਾਲ ਖਾਣਾ ਪਹੁੰਚਾਉਣ 'ਚ ਮਦਦ ਕਰੇਗਾ। ਇਸ ਦੇ ਪਿਛਲੇ ਪਾਸੇ ਖਾਣਾ ਆਦਿ ਰੱਖਣ ਦੀ ਪੂਰੀ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ 'ਚ ਖਾਣਾ ਡਲਿਵਰ ਕਰਨ ਵਿਚ ਕਾਫੀ ਆਸਾਨੀ ਹੋਵੇਗੀ। ਅਮਰੀਕੀ ਸੂਬੇ ਓਰੇਗਾਓਂ 'ਚ ਸਥਿਤ ਇਲੈਕਟ੍ਰੀਕਲ ਵਾਹਨ ਨਿਰਮਾਤਾ ਕੰਪਨੀ Arcimoto ਨੇ ਖਾਣਾ ਡਲਿਵਰ ਕਰਨ ਵਾਲੇ ਡਲਿਵਰੀ ਬੁਆਏ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ Deliverator ਬਣਾਇਆ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ 160 ਕਿਲੋਮੀਟਰ ਤਕ ਦਾ ਰਸਤਾ ਤਹਿ ਕੀਤਾ ਜਾ ਸਕਦਾ ਹੈ ਮਤਲਬ ਇਸ ਨੂੰ ਇਕ ਵਾਰ ਫੁੱਲ ਚਾਰਜ ਕਰ ਕੇ ਪੂਰਾ ਦਿਨ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।

158 ਕਿਲੋ ਤਕ ਭਾਰ ਢੋਣ ਦੀ ਸਮਰੱਥਾ
ਇਲੈਕਟ੍ਰਿਕ ਵਾਹਨ ਹੋਣ ਦੇ ਬਾਵਜੂਦ ਇਸ ਦੀ ਮਦਦ ਨਾਲ ਤੁਸੀਂ 158 ਕਿਲੋ ਤਕ ਦਾ ਸਾਮਾਨ ਰੱਖ ਕੇ ਸਫਰ ਕਰ ਸਕਦੇ ਹੋ। Deliverator ਟਰੈਫਿਕ ਜਾਮ ਹੋਣ ਦੀ ਹਾਲਤ ਵਿਚ ਵੀ ਬਹੁਤ ਘੱਟ ਜਗ੍ਹਾ ਤੋਂ ਨਿਕਲ ਜਾਂਦਾ ਹੈ। ਇਸ ਨੂੰ ਆਸਾਨੀ ਨਾਲ ਪਾਰਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਈਂਧਨ ਤੇ ਸਾਂਭ-ਸੰਭਾਲ ਦੀ ਲਾਗਤ ਵੀ ਕਾਫੀ ਘੱਟ ਹੈ।

120 ਕਿ. ਮੀ. ਪ੍ਰਤੀ ਘੰਟੇ ਦੀ ਉੱਚ ਰਫਤਾਰ
Deliverator ਨਾਂ ਦਾ ਇਹ ਇਲੈਕਟ੍ਰਿਕ ਥ੍ਰੀ-ਵ੍ਹੀਲਰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ 'ਤੇ ਚਲਾਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕਈ ਵਾਰ ਡਲਿਵਰੀ ਬੁਆਏ ਨੂੰ ਸ਼ਹਿਰ ਤੋਂ ਬਾਹਰ ਸਾਮਾਨ ਪਹੁੰਚਾਉਣ ਵਿਚ ਕਾਫੀ ਸਮੱਸਿਆ ਹੁੰਦੀ ਹੈ। ਇਸੇ ਤਰ੍ਹਾਂ ਜੇ ਟਰੱਕ ਤੇ ਵੈਨ ਦੀ ਵਰਤੋਂ ਕੀਤੀ ਜਾਵੇ ਤਾਂ ਇਨ੍ਹਾਂ ਨਾਲ ਪ੍ਰਦੂਸ਼ਣ ਹੋਣ ਤੋਂ ਇਲਾਵਾ ਇਹ ਕਾਫੀ ਮਹਿੰਗੇ ਵੀ ਪੈਂਦੇ ਹਨ। ਇਸੇ ਲਈ ਇਸ ਇਲੈਕਟ੍ਰਿਕ ਥ੍ਰੀ-ਵ੍ਹੀਲਰ ਨੂੰ ਕਾਫੀ ਉਪਯੋਗੀ ਮੰਨਿਆ ਜਾ ਰਿਹਾ ਹੈ।