ਤਿਆਰ ਕੀਤਾ ਗਿਆ ਦੁਨੀਆ ਦਾ ਪਹਿਲਾ ਫੁੱਲ ਬਾਡੀ ਮੈਡੀਕਲ ਸਕੈਨਰ
Monday, Nov 26, 2018 - 01:59 AM (IST)

ਗੈਜੇਟ ਡੈਸਕ : 10 ਸਾਲਾਂ ਦੀ ਸਖਤ ਮਿਹਨਤ ਪਿੱਛੋਂ ਆਖਰ ਦੁਨੀਆ ਦਾ ਪਹਿਲਾ ਫੁੱਲ ਬਾਡੀ ਮੈਡੀਕਲ ਸਕੈਨਰ ਤਿਆਰ ਕਰ ਲਿਆ ਗਿਆ ਹੈ। ਇਸ ਤਕਨੀਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਇਕੋ ਵਾਰ ਵਿਚ ਮਰੀਜ਼ ਦੇ ਪੂਰੇ ਸਰੀਰ ਦੀ 3D ਇਮੇਜ ਵਿਕਸਤ ਕਰਦਾ ਹੈ। ਇਸ ਵਿਚ ਸਰੀਰ ਦੀ ਜ਼ਿਆਦਾ ਡੂੰਘਾਈ ਤੋਂ ਜਾਣਕਾਰੀ ਦੇਖਣ ਨੂੰ ਮਿਲੇਗੀ। ਇਹ ਤਕਨੀਕ ਮੌਜੂਦਾ PET ਸਕੈਨਸ ਤੋਂ 40 ਗੁਣਾ ਤੇਜ਼ੀ ਨਾਲ ਕੰਮ ਕਰਦੀ ਹੈ, ਜਿਸ ਨਾਲ ਬਹੁਤ ਘੱਟ ਸਮੇਂ ਵਿਚ ਮਤਲਬ 20 ਤੋਂ 30 ਸੈਕੰਡਸ ਵਿਚ ਹੀ ਮਰੀਜ਼ ਦੀ ਰਿਪੋਰਟ ਦੇਖੀ ਜਾ ਸਕੇਗੀ।
ਪਹਿਲੀ ਵਾਰ ਜਾਰੀ ਕੀਤੀ ਗਈ ਇਮੇਜ
ਇਸ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੈਵਿਸ ਦੇ ਵਿਗਿਆਨੀਆਂ ਤੇ ਚੀਨ ਦੇ ਸ਼ੰਘਾਈ ਵਿਚ ਸਥਿਤ ਮੈਡੀਕਲ ਪ੍ਰੋਡਕਟ ਨਿਰਮਾਤਾ ਕੰਪਨੀ ਯੂਨਾਈਟਿਡ ਇਮੇਜਿੰਗ ਹੈਲਥਕੇਅਰ ਨੇ ਇਕੱਠੇ ਮਿਲ ਕੇ ਤਿਆਰ ਕੀਤਾ ਹੈ। EXPLORER ਨਾਂ ਦੇ ਇਸ ਫੁੱਲ ਬਾਡੀ ਮੈਡੀਕਲ ਸਕੈਨਰ ਨਾਲ ਤਿਆਰ ਕੀਤੀ ਗਈ ਪਹਿਲੀ ਇਮੇਜ ਜਾਰੀ ਕੀਤੀ ਗਈ ਹੈ, ਜਿਸ ਵਿਚ ਮਰੀਜ਼ ਦੇ ਸਰੀਰ ਦੇ ਸਾਰੇ ਹਿੱਸੇ ਥ੍ਰੀ-ਡਾਇਮੈਂਸ਼ਨਜ਼ ਵਿਚ ਦੇਖੇ ਜਾ ਸਕਦੇ ਹਨ, ਜਿਸ ਨਾਲ ਡਾਕਟਰ ਨੂੰ ਜਲਦੀ ਹੀ ਸਮੱਸਿਆ ਸਮਝਣ ਵਿਚ ਮਦਦ ਮਿਲਦੀ ਹੈ।
ਇੰਝ ਬਣਿਆ ਇਹ ਸਕੈਨਰ
ਇਸ ਫੁੱਲ ਬਾਡੀ ਸਕੈਨਰ ਨੂੰ ਮੌਜੂਦਾ ਸਕੈਨਿੰਗ ਦੀਆਂ ਤਕਨੀਕਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਇਸ ਨੂੰ ਪੋਜੀਟ੍ਰਾਨ ਐਮਿਸ਼ਨ ਟੋਮੋਗ੍ਰਾਫੀ (PET) ਤੇ X-ray ਕੰਪਿਊਟਿਡ ਟੋਮੋਗ੍ਰਾਫੀ (CT) ਨੂੰ ਕੰਬਾਈਨ ਕਰ ਕੇ ਬਣਾਇਆ ਗਿਆ ਹੈ, ਜੋ ਬਹੁਤ ਘੱਟ ਸਮੇਂ ਵਿਚ ਵਿਸਤ੍ਰਿਤ ਜਾਣਕਾਰੀ ਦਿੰਦੀ ਹੈ।
ਖੂਨ ਦੇ ਵਹਾਅ ਦੀ ਜਾਣਕਾਰੀ ਵੀ ਜੁਟਾਏਗਾ ਸਕੈਨਰ
ਰਿਪੋਰਟ ਅਨੁਸਾਰ EXPLORER ਸਕੈਨਰ ਨਾਲ ਮਰੀਜ਼ ਦੇ ਖੂਨ ਦੇ ਵਹਾਅ ਦਾ ਵੀ ਪਤਾ ਲਾਉਣ ਵਿਚ ਕਾਫੀ ਮਦਦ ਮਿਲੇਗੀ। ਫਿਲਹਾਲ ਇਸ ਫੁੱਲ ਬਾਡੀ ਮੈਡੀਕਲ ਸਕੈਨਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ’ਤੇ ਇਸ ਦਾ ਕਾਰੋਬਾਰੀ ਤੌਰ ’ਤੇ ਉਤਪਾਦਨ ਕੀਤਾ ਜਾਵੇਗਾ। ਆਸ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਇਸ ਨੂੰ ਹਸਪਤਾਲਾਂ ਵਿਚ ਦੇਖਿਆ ਜਾ ਸਕੇਗਾ।