ਨਵੇਂ ਗਾਹਕ ਜੋੜਨ ਦੇ ਮਾਮਲੇ ''ਚ BSNL ਨੇ ਪ੍ਰਾਈਵੇਟ ਕੰਪਨੀਆਂ ਨੂੰ ਪਛਾੜਿਆ

08/21/2018 10:06:27 PM

ਨਵੀਂ ਦਿੱਲੀ-ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ 2017-18 'ਚ ਗਾਹਕ ਜੋੜਨ ਦੇ ਮਾਮਲੇ 'ਚ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਵਰਗੀਆਂ ਪ੍ਰਾਈਵੇਟ ਸੈਕਟਰ ਦੀਆਂ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਾਲ ਨੈੱਟਵਰਕ ਵਿਸਥਾਰ 'ਤੇ 4,300 ਕਰੋੜ ਰੁਪਏ ਖਰਚ ਕੇ ਲਾਭ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਨੁਪਮ ਸ਼੍ਰੀਵਾਸਤਵ ਨੇ ਦੱਸਿਆ ਕਿ 2017-18 'ਚ ਬੀ. ਐੱਸ. ਐੱਨ. ਐੱਲ. ਦਾ ਸਬਸਕ੍ਰਾਈਬਰਸ ਜੋੜਨ ਦਾ ਫ਼ੀਸਦੀ ਸਭ ਤੋਂ ਜ਼ਿਆਦਾ 11.5 ਫ਼ੀਸਦੀ ਰਿਹਾ। ਉਨ੍ਹਾਂ ਕਿਹਾ ਕਿ ਉਦਯੋਗਿਕ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਦੌਰਾਨ ਭਾਰਤੀ ਏਅਰਟੈੱਲ ਨੇ 9.5 ਫ਼ੀਸਦੀ, ਵੋਡਾਫੋਨ ਨੇ 3.8 ਫ਼ੀਸਦੀ ਅਤੇ ਆਈਡੀਆ ਨੇ 3.2 ਫ਼ੀਸਦੀ ਵਾਧਾ ਦਰਜ ਕੀਤਾ। ਸ਼੍ਰੀਵਾਸਤਵ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ 'ਚ 1.13 ਕਰੋੜ ਯੂਜ਼ਰਜ਼ ਨੇ ਮੁਕਾਬਲੇਬਾਜ਼ ਕੰਪਨੀਆਂ ਨੂੰ ਛੱਡ ਕੇ ਬੀ. ਐੱਸ. ਐੱਨ. ਐੱਲ. ਨੂੰ ਅਪਣਾਇਆ। 

ਇਹ ਵਾਧਾ ਅਜਿਹੇ ਸਮੇਂ ਹੋਇਆ ਹੈ ਜਦੋਂ ਸਤੰਬਰ 2016 'ਚ ਜਿਓ ਦੀ ਐਂਟਰੀ ਤੋਂ ਮਗਰੋਂ ਇੰਡਸਟਰੀ 'ਚ ਗਾਹਕਾਂ ਨੂੰ ਜੋੜਨ ਦੀ ਦੌੜ ਤੇਜ਼ ਹੋ ਗਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਅੰਕੜਿਆਂ ਮੁਤਾਬਕ ਮਾਰਚ 2018 'ਚ ਬੀ. ਐੱਸ. ਐੱਨ. ਐੱਲ. ਦਾ ਵਾਇਰਲੈੱਸ ਸਬਸਕ੍ਰਾਈਬਰ ਬੇਸ 11.16 ਕਰੋੜ ਸੀ। ਇਸ ਤੋਂ ਪਹਿਲਾਂ ਇਹ ਦਸੰਬਰ 2017 'ਚ 10.79 ਕਰੋੜ ਅਤੇ ਮਾਰਚ 2017 'ਚ 10.1 ਕਰੋੜ ਸੀ। ਇਸੇ ਮਿਆਦ 'ਚ ਮਾਰਕੀਟ ਲੀਡਰ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 27.36 ਕਰੋੜ ਤੋਂ ਵਧ ਕੇ 30.87 ਕਰੋੜ ਹੋ ਗਈ।