330 ਯਾਤਰੀਆਂ ਨੂੰ ਇਕਠਿਆਂ ਸਫਰ ਕਰਾਏਗਾ ਬੋਇੰਗ ਦਾ ਨਵਾਂ ਯਾਤਰੀ ਜਹਾਜ਼

02/20/2017 11:07:40 AM

ਜਲੰਧਰ- ਅਮਰੀਕੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਬੋਇੰਗ (Boeing) ਨੇ ਯਾਤਰੀਆਂ ਦੀ ਸੁਵਿਧਾ ਲਈ ਆਪਣਾ ਡਰੀਮਲਾਈਨਰ ਫੈਮਲੀ ''ਚ ਨਵਾਂ 787-10 ਨਾਂ ਦਾ ਯਾਤਰੀ ਜਹਾਜ਼ ਸ਼ਾਮਲ ਕੀਤਾ ਹੈ। ਬੋਇੰਗ ਦਾ ਇਹ ਜਹਾਜ਼ ਮੌਜੂਦਾ 787-9 ਨਾਲੋਂ ਜ਼ਿਆਦਾ ਯਾਤਰੀਆਂ ਨੂੰ ਘੱਟ ਈਂਧਨ ਦੀ ਖਪਤ ਕੀਤੇ ਸੁਵਿਧਾਪੂਰਨ ਲੈ ਕੇ ਜਾਣ ਲਈ ਖਾਸ ਤੌਰ ''ਤੇ ਬਣਾਇਆ ਗਿਆ ਹੈ। 
 
ਈਂਧਨ ਖਪਤ ''ਚ 10 ਫੀਸਦੀ ਦੀ ਹੋਵੇਗੀ ਕਮੀ
ਬੋਇੰਗ ਦਾ ਕਹਿਣਾ ਹੈ ਕਿ 787-10 ਜਹਾਜ਼ ਦਾ ਸਾਈਜ਼ ਵੱਡਾ ਹੋਣ ਨਾਲ ਹੋ ਸਕਦਾ ਹੈ ਕਿ ਇਸ ਦੀ ਰਫਤਾਰ ''ਤੇ ਅਸਰ ਪਵੇ ਪਰ ਇਹ ਆਪਣੇ ਨਜ਼ਦੀਕੀ ਵਿਰੋਧੀ ਨਾਲੋਂ ਸਫਰ ਦੌਰਾਨ ਕਰੀਬ 10 ਫੀਸਦੀ ਘੱਟ ਈਂਧਨ ਦੀ ਖਪਤ ਕਰੇਗਾ। ਬੋਇੰਗ ਨੇ ਕਰੀਬ 25 ਫੀਸਦੀ ਜਹਾਜ਼ਾਂ ''ਚ ਇਸ ਨੂੰ ਬਦਲਣ ਦੀ ਸੰਭਾਵਨਾ ਜਤਾਈ ਹੈ। 
 
15 ਫੀਸਦੀ ਤੱਕ ਜ਼ਿਆਦਾ ਮਾਲ ਢੋਣ ਦੀ ਸਮਰਥਾ
787-10 ਜਹਾਜ਼ ਮੌਜੂਦਾ 787-9 ਤੋਂ 18 ਫੁੱਟ (ਕਰੀਬ 5.5 ਮੀਟਰ) ਲੰਬਾ ਹੈ ਅਤੇ ਇਹ ਕਰੀਬ 330 ਯਾਤਰੀਆਂ ਨੂੰ ਦੋ ਕਲਾਸ ਕੈਬਿਨ ''ਚ ਇਕ ਵਾਰ ''ਚ ਸਫਰ ਕਰਨ ਦੀ ਸਮਰਥਾ ਰੱਖਦਾ ਹੈ ਜੋ ਕਿ 787-9 ਦੇ 290 ਯਾਤਰੀਆਂ ਨੂੰ ਸਫਰ ਕਰਾਉਣ ਨਾਲੋਂ ਜ਼ਿਆਦਾ ਹੈ। ਬੋਇੰਗ ਦਾ ਕਹਿਣਾ ਹੈ ਕਿ ਇਸ ਹਵਾਈ ਜਹਾਜ਼ ''ਚ 15 ਫੀਸਦੀ ਜ਼ਿਆਦਾ ਮਾਲ ਢੋਇਆ ਜਾ ਸਕਦਾ ਹੈ, ਜਿਸ ਨਾਲ ਕੰਪਨੀਆਂ ਨੂੰ ਜ਼ਿਆਦਾ ਮੁਨਾਫਾ ਹੋਵੇਗਾ। 
 
ਉਪਲਬਧਤਾ
787-10 ਜਹਾਜ਼ ਆਉਣ ਵਾਲਿਆਂ ਹਫਤਿਆਂ ''ਚ ਆਪਣੀ ਪਹਿਲੀ ਉਡਾਣ ਭਰੇਗਾ। ਬੋਇੰਗ ਦਾ ਕਹਿਣਾ ਹੈ ਕਿ ਇਸ ਨੂੰ ਸਾਲ 2018 ਤੱਕ ਉਪਲਬਧ ਕੀਤਾ ਜਾਵੇਗਾ ਅਤੇ ਕੰਪਨੀ ਨੂੰ ਇਸ ਤੋਂ ਪਹਿਲਾਂ ਹੀ 149 ਆਰਡਰ ਮਿਲ ਚੁੱਕੇ ਹਨ।