Asus ਦਾ ਸਾਫਟਵੇਅਰ ਅਪਡੇਟ ਸਿਸਟਮ ਹੈਕ, 10 ਲੱਖ ਕੰਪਿਊਟਰ ਪ੍ਰਭਾਵਿਤ

03/26/2019 1:28:03 PM

ਗੈਜੇਟ ਡੈਸਕ– ਤਾਈਵਾਨ ਦੀ ਫੋਨ ਨਿਰਮਾਤਾ ਕੰਪਨੀ ਅਸੂਸ ਦਾ ਸਾਫਟਵੇਅਰ ਅਪਡੇਟ ਸਿਸਟਮ ਹੈਕ ਹੋਣ ਨਾਲ ਲਗਭਗ 1 ਮਿਲੀਅਨ (10 ਲੱਖ) ਵਿੰਡੋ ਕੰਪਿਊਟਰ ਪ੍ਰਭਾਵਿਤ ਹੋਏ ਹਨ। ਸਾਈਬਰ ਸਕਿਓਰਿਟੀ ਫਰਮ Kaspersky Lab ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਦੇ ਸਾਫਟਵੇਅਰ ਅਪਡੇਟ ਨੂੰ ਹੈਕ ਕਰਕੇ ਹੈਕਰਜ਼ ਨੇ ਕਰੀਬ 10 ਲੱਖ ਵਿੰਡੋਜ਼ ਪੀਸੀ ’ਚ ਮਾਲਵੇਅਰ ਸਪ੍ਰੈਡ ਕੀਤੇ। ਮਾਲਵੇਅਰ ਨੂੰ ‘ਕ੍ਰਿਟਿਕਲ’ ਸਾਫਟਵੇਅਰ ਅਪਡੇਟ ਦੇ ਤੌਰ ’ਤੇ ਦਿਖਾਇਆ ਗਿਆ ਜੋ ਕਿ ਅਸੂਸ ਦੇ ਸਰਵਰ ਤੋਂ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਸੀ। ਮਾਲਵੇਅਰ ਸਪ੍ਰੈਡ ਕਰਨ ਲਈ ਰੀਅਲ ਅਸੂਸ ਸਰਟੀਫਿਕੇਟ ਦਾ ਇਸਤੇਮਾਲ ਕੀਤਾ ਗਿਆ ਜਿਸ ਨਾਲ ਇਹ ਵੈਲਿਡ ਲੱਗੇ। 

ਅਜੇ ਤਕ ਇਹ ਸਾਫ ਨਹੀਂ ਹੋਇਆ ਕਿ ਇਸ ਦੇ ਪਿੱਛੇ ਹੈਕਰਾਂ ਦਾ ਉਦੇਸ਼ ਕੀ ਸੀ। ਹਾਲਾਂਕਿ, ਹੈਕਰਜ਼ ਕੁਝ ਸਪੈਸੀਫਿਕ ਅਸੂਸ ਕਸਟਮਰਜ਼ ਨੂੰ ਟਾਰਗੇਟ ਕਰ ਰਹੇ ਸਨ। ਮਾਲਵੇਅਰ ’ਚ 600 ਸਿਸਟਮਸ ਲਈ ਖਾਸ ਨਿਰਦੇਸ਼ਾਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਸਪੈਸੀਫਿਕ MAC ਅਡਰੈੱਸ ਨਾਲ ਕੀਤੀ ਗਈ। Kaspersky ਨੇ ਇਸ ਮਾਲਵੇਅਰ ਨੂੰ ‘ਸ਼ੈਡੋਹੈਮਰ’ (ShadowHammer) ਨਾਂ ਦਿੱਤਾ।

Asus ਜਾਰੀ ਕਰੇਗੀ ਅਧਿਕਾਰਤ ਬਿਆਨ
ਇਸ ਮਾਲਵੇਅਰ ਬਾਰੇ ਅਸੂਸ ਨੇ ਕਸਟਮਰਜ਼ ਨਾਲ ਸੰਪਕਰ ਨਹੀਂ ਕੀਤਾ ਅਤੇ ਨਾ ਹੀ ਇਸ ਨੂੰ ਰੋਕਣ ਲਈ ਅਜੇ ਤਕ ਕੋਈ ਕਦਮ ਚੁੱਕੇ ਗਏ ਹਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਅੱਜ ਕੰਪਨੀ ਵਲੋਂ ਇਸ ਸੰਬੰਧ ’ਚ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ। ਕੰਪਨੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਮਾਲਵੇਅਰ ਅਸੂਸ ਦੇ ਸਰਵਰ ਤੋਂ ਰਿਲੀਜ਼ ਹੋਇਆ ਹੈ। 

ਕੰਪਨੀ ਦੇ ਅਪਡੇਟ ਸਿਸਟਮ ਨੂੰ ਹੈਕ ਕਰਕੇ ਹੈਕਰਜ਼ ਵੱਡੇ ਪੱਧਰ ’ਤੇ ਕੰਪਿਊਟਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਾਲਾਂਕਿ, ਕੰਪਨੀ ਦਾ ਸਿਸਟਮ ਅਪਡੇਟ ਹੈਕ ਕਰ ਸਕਣਾ ਆਮ ਗੱਲ ਨਹੀਂ ਹੈ ਪਰ ਇਸ ਨਾਲ ਯੂਜ਼ਰਜ਼ ਦੀ ਸਕਿਓਰਿਟੀ ਲਈ ਇਹ ਵੱਡਾ ਖਤਰਾ ਹੈ।