ਸਮਾਰਟਫੋਨ : ਵਧ ਰਿਹੈ ਚੀਨੀ ਕੰਪਨੀਆਂ ਦਾ ਦਬਦਬਾ

08/03/2015 10:41:24 AM

ਨਵੀਂ ਦਿੱਲੀ- ਸਮਾਰਟਫੋਨ ਦੇ ਕਰੇਜ਼ੀ ਗਾਹਕਾਂ ਨੂੰ ਸਸਤੇ ਅਤੇ ਉੱਨਤ ਤਕਨੀਕ ਅਧਾਰਿਤ ਫੋਨ ਦੀ ਉਪਲੱਬਧਤਾ ਵਧਾਉਣ ਲਈ ਈ-ਕਾਮਰਸ ਦੇ ਸਹਾਰੇ ਬਿਹਤਰ ਡਲਿਵਰੀ ਦੇਣ ਦੀ ਬਦੌਲਤ ਗਲੋਬਲ ਸਮਾਰਟਫੋਨ ਬਾਜ਼ਾਰ ''ਚ ਚੀਨ ਦੀਆਂ ਮੋਬਾਈਲ ਫੋਨ ਨਿਰਮਾਤਾਂ ਕੰਪਨੀਆਂ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ।

ਖੋਜ ਸਲਾਹ ਕੰਪਨੀ ਕਾਊਂਟਰ ਪੁਆਇੰਟ ਰਿਸਰਚ ਦੀ ਰਿਪੋਰਟ ਅਨੁਸਾਰ ਚਾਲੂ ਸਾਲ ਦੀ ਦੂਜੀ ਤਿਮਾਹੀ ''ਚ ਆਪਣੀਆਂ ਮਜ਼ਬੂਤ ਡਲਿਵਰੀ ਸੇਵਾਵਾਂ ਦੇ ਸਹਾਰੇ ਹੀ ਚੀਨ ਦੀ ਹੁਆਵੀ 3.05 ਕਰੋੜ ਸਮਾਰਟਫੋਨ ਵੇਚ ਕੇ ਮਾਈਕ੍ਰੋਸਾਫਟ ਨੂੰ ਪਛਾੜਦੇ ਹੋਏ ਪਹਿਲੀ ਵਾਰ ਦੁਨੀਆ ਦੀ ਤੀਜੀ ਕੰਪਨੀ ਬਣ ਗਈ ਹੈ। ਇਸ ਦੌਰਾਨ ਉਸ ਦੀ ਗਲੋਬਲ ਵਿਕਰੀ ਸਾਲ 2014 ਦੀ ਦੂਜੀ ਤਿਮਾਹੀ ''ਚ 2.06 ਕਰੋੜ ਦੇ ਮੁਕਾਬਲੇ 48.1 ਫੀਸਦੀ ਵਧੇਰੇ ਹੈ। ਰਿਪੋਰਟ ਅਨੁਸਾਰ ਦੂਜੀ ਤਿਮਾਹੀ ਸਮਾਰਟਫੋਨ ਦੀ ਵਿਕਰੀ ਸਾਲਾਨਾ 20 ਫੀਸਦੀ ਦੇ ਵਾਧੇ ਨਾਲ ਹੁਣ ਤੱਕ ਦੇ ਰਿਕਾਰਡ 37 ਕਰੋੜ ਤੱਕ ਪੁੱਜ ਗਈ। ਇਸ ਦੌਰਾਨ ਗਲੋਬਲ ਬਾਜ਼ਾਰਾਂ ''ਚ ਚੋਟੀ ਦੇ 10 ਮੋਬਾਈਲ ਫੋਨਾਂ ਦੀ ਵਿਕਰੀ ''ਚ 8 ਸਮਾਰਟਫੋਨ ਰਹੇ ਹਨ। ਜਦਕਿ ਫੀਚਰ ਫੋਨ ਦੀ ਵਿਕਰੀ ''ਚ ਲਗਾਤਾਰ ਗਿਰਾਵਟ ਦਾ ਰੁਝਾਨ ਬਣਿਆ ਹੋਇਆ ਹੈ। 

ਮਾਹਿਰਾਂ ਦੀ ਮੰਨੀਏ ਤਾਂ ਬਿਹਤਰ ਲੁਕ ਤੇ ਫੀਚਰ ਦੇ ਨਾਲ 10 ਹਜ਼ਾਰ ਰੁਪਏ (150 ਡਾਲਰ ਤੋਂ ਘੱਟ ਦੇ ਸਮਾਰਟਫੋਨ ਉਤਾਰ ਕੇ ਚੀਨ ਦੀ ਹੁਆਵੀ, ਜਿਓਮੀ, ਜ਼ੈਡ.ਟੀ.ਈ. ਤੇ ਲੇਨੇਵੋ ਵਰਗੀਆਂ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਪਹਿਲਾਂ ਹੀ ਧਮਾਲ ਮਚਾ ਚੁੱਕੀਆਂ ਹਨ ਤੇ ਹੁਣ ਗਲੋਬਲ ਬਾਜ਼ਾਰ ਦੇ ਨਾਲ ਉਭਰਦੇ ਬਾਜ਼ਾਰ ਵਾਲੇ ਦੇਸ਼ਾਂ ਜਿਵੇਂ ਭਾਰਤ ''ਚ ਆਨਲਾਈਨ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਫਲਿਪਕਾਰਟ, ਸਨੈਪਡੀਲ ਤੇ ਆਮੇਜਨ ਜ਼ਰੀਏ ਗਾਹਕਾਂ ਨੂੰ ਬਿਹਤਰ ਡਲਿਵਰੀ ਦੇ ਕੇ ਆਪਣੀ ਹਿੱਸੇਦਾਰੀ ਵਧਾ ਰਹੀਆਂ ਹਨ।

ਕਿਸਨੇ ਕਿੰਨੇ ਸਮਾਰਟ ਫੋਨ ਵੇਚੇ
-ਜਿਓਮੀ ਦੀ ਵਿਕਰੀ 25.8 ਫੀਸਦੀ ਵਧ ਕੇ 1.90 ਕਰੋੜ ਸਮਾਰਟਫੋਨ ਰਹੀ।
-ਜ਼ੈਡ.ਟੀ.ਈ. ਦੀ ਵਿਕਰੀ 85.9 ਫੀਸਦੀ ਵਧ ਕੇ 1.71 ਕਰੋੜ ਸਮਾਰਟਫੋਨ ''ਤੇ ਪਹੁੰਚ ਗਈ।
-ਲੇਨੇਵੋ ਦੀ ਸਮਾਰਟਫੋਨ ਵਿਕਰੀ 5.1 ਫੀਸਦੀ ਵਧ ਕੇ 1.66 ਕਰੋੜ ''ਤੇ ਪਹੁੰਚ ਗਈ।
-ਕੋਰੀਆਈ ਕੰਪਨੀ ਸੈਮਸੰਗ ਦੀ ਵਿਕਰੀ 1.2 ਫੀਸਦੀ ਘੱਟ ਕੇ 7.41 ਕਰੋੜ ਸਮਾਰਟਫੋਨ ਰਹਿ ਗਈ ਹੈ।
-ਐਲ.ਜੀ. ਦੀ ਸਮਾਰਟਫੋਨ ਵਿਕਰੀ 2.8 ਫੀਸਦੀ 1.41 ਕਰੋੜ ਆ ਗਈ।
-ਐਪਲ ਨੇ 34.9 ਫੀਸਦੀ ਦੇ ਵਾਧੇ ਨਾਲ 4.75 ਕਰੋੜ ਸਮਾਰਟਫੋਨ ਵੇਚੇ (ਗਲੋਬਲ ਵਿਕਰੀ)।