Apple Watch ਨੇ ਬਚਾਈ 13 ਸਾਲਾ ਬੱਚੇ ਦੀ ਜਾਨ, ਹਾਰਟ ਬੀਟ ਵਧਣ ’ਤੇ ਮਾਂ ਨੂੰ ਮਿਲੀ ਨੋਟੀਫਿਕੇਸ਼ਨ

02/17/2020 11:09:13 AM

ਗੈਜੇਟ ਡੈਸਕ– ਐਪਲ ਵਾਚ ਨੇ ਅਮਰੀਕਾ ਦੇ ਰਹਿਣ ਵਾਲੇ ਇਕ ਬੱਚੇ ਦੀ ਜਾਨ ਬਚਾਈ ਹੈ। ਅਮਰੀਕੀ ਰਾਜ ਓਕਲਾਹੋਮਾ ਦੇ ਰਹਿਣ ਵਾਲੇ ਇਕ 13 ਸਾਲਾ ਲੜਕੇ ਦੀ ਦਿਲ ਦੀ ਧੜਕਨ ਉਸ ਸਮੇਂ ਕਾਫੀ ਤੇਜ਼ੀ ਨਾਲ ਵਧਣ ਲੱਗੀ ਜਦੋਂ ਉਹ ਸਕੂਲ ਦੀ ਕਲਾਸ ’ਚ ਬੈਠਾ ਹੋਇਆ ਸੀ। ਐਪਲ ਵਾਚ ਨੇ ਡਿਟੈਕਟ ਕੀਤਾ ਕਿ ਸਕਾਈਲਰ ਜੋਸਲਿਨ ਦੀ ਹਾਰਟ ਬੀਟ ‘190 ਬੀਟਸ ਪਰ ਮਿੰਟ’ ਪਹੁੰਚ ਗਈ ਹੈ। 
- ਬੱਚੇ ਦੀ ਮਾਂ ਲਿਜ਼ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਲੜਕੇ ਨੂੰ ਐਪਲ ਵਾਚ ਖਰੀਦ ਕੇ ਦਿੱਤੀ ਸੀ, ਉਨ੍ਹਾਂ ਨੂੰ ਐਪਲ ਵਾਚ ਰਾਹੀਂ ਇਕ ਟੈਕਸਟ ਮੈਸੇਜ ਸਕਰੀਨਸ਼ਾਟ ਦੇ ਨਾਲ ਮਿਲਿਆ ਜਿਸ ਵਿਚ ਲਿਖਿਆ ਸੀ ਕਿ ਉਨ੍ਹਾਂ ਦੇ ਬੇਟੇ ਦੀ ਹਾਰਟ ਰੇਟ 190 BPM ਤਕ ਪਹੁੰਚ ਗਈ ਹੈ। ਇਸ ਮੈਸੇਜ ’ਚ ਇਕ ਹੋਰ ਗੱਲ ਲਿਖੀ ਸੀ ਕਿ ਬੱਚਾ ਕੁਝ ਕਰ ਨਹੀਂ ਰਿਹਾ ਯਾਨੀ ਉਹ ਬੈਠਾ ਹੋਇਆ ਹੈ ਅਤੇ ਉਸ ਦੀ ਹਾਰਟ ਰੇਟ ਤੇਜ਼ ਹੋ ਰਹੀ ਹੈ। 

ਤੁਰੰਤ ਬੱਚੇ ਨੂੰ ਲੈਣ ਸਕੂਲ ਪਹੁੰਚੀ ਮਾਂ
ਲਿਜ਼ ਨੇ ਜਿਵੇਂ ਹੀ ਨੋਟੀਫਿਕੇਸ਼ਨ ਪੜੀ ਤਾਂ ਉਹ ਤੁਰੰਤ ਸਕੂਲ ਪਹੁੰਚ ਗਈ ਅਤੇ ਬੱਚੇ ਨੂੰ ਸਕੂਲ ਦੇ ਐਮਰਜੈਂਸੀ ਰੂਮ ’ਚ ਲੈ ਗਈ। ਬੱਚੇ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਹਾਰਟ ਰੇਟ 202 BPM ਤਕ ਪਹੁੰਚ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਰਟ ਰੇਟ 280 BPM ਪਾਈ ਗਈ। 

ਬੱਚੇ ਨੂੰ ਸੀ SVT ਦੀ ਸਮੱਸਿਆ
ਬੱਚੇ ਦੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ SVT (ਸੁਪਰਵੈਂਟ੍ਰਿਕਲ ਟੈਕੀਕਾਰਡੀਆ) ਦੀ ਸਮੱਸਿਆ ਹੋਈ ਹੈ, ਜਿਸ ਕਾਰਨ ਉਸ ਦੀ ਹਾਰਟ ਬੀਟ ਤੇਜ਼ ਹੁੰਦੀ ਜਾ ਰਹੀ ਹੈ। ਲਗਭਗ ਸਾਢੇ 7 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬੱਚੇ ਦੀ ਹਾਰਟ ਬੀਟ ਨੂੰ ਨੋਰਮਲ ਕਰ ਦਿੱਤਾ ਗਿਆ। 

ਐਪਲ ਵਾਚ ਕਾਰਨ ਬਚੀ ਜਾਨ
ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਐਪਲ ਵਾਚ ਦੀ ਮਦਦ ਨਾਲ ਬੱਚੇ ਦੀ ਜਾਨ ਬਚ ਗਈ ਹੈ। ਜੇਕਰ ਬੱਚੇ ਨੇ ਇਹ ਨਾ ਪਹਿਨੀ ਹੁੰਦੀ ਤਾਂ ਘਰ ਵਾਲਿਆਂ ਨੂੰ ਕਦੇ ਵੀ ਪਤਾ ਹੀ ਨਹੀਂ ਲਗਦਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋ ਰਹੀ ਹੈ।